ਮੁੱਖ ਅੰਸ਼
- ਵਿਦਿਆਰਥੀਆਂ ਦੀਆਂ ਜਮਾਤਾਂ ਲਈ ਮਾਪਿਆਂ ਤੋਂ ਸਹਿਮਤੀ ਮਿਲਣ ਦਾ ਦਾਅਵਾ
- ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦਾ ਭਰੋਸਾ
ਨਿੱਜੀ ਪੰਤਰ ਪ੍ਰੇਰਕ
ਜਲੰਧਰ, 8 ਜੂਨ
ਕਰੋਨਾ ਦੀ ਲਾਗ ਘਟਣ ਕਾਰਨ ਪੰਜਾਬ ਸਰਕਾਰ ਵੱਲੋਂ ਅਗਲੇ ਹਫਤੇ ਤੋਂ ਰੈਸਤਰਾਂ ਤੇ ਜਿਮ ਖੋਲ੍ਹਣ ਦੇ ਕੀਤੇ ਐਲਾਨ ਤੋਂ ਬਾਅਦ ਕੋਚਿੰਗ ਸੈਂਟਰ ਮਾਲਕਾਂ ਨੇ ਵੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ 50 ਫੀਸਦੀ ਵਿਦਿਆਰਥੀਆਂ ਨਾਲ ਕੋਚਿੰਗ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਇਸੇ ਦੌਰਾਨ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ। ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਕੋਚਿੰਗ ਫੈਡਰੇਸ਼ਨ ਆਫ ਇੰਡੀਆ ਦੇ ਉਪ ਪ੍ਰਧਾਨ ਪ੍ਰੋਫੈਸਰ ਐੱਮਪੀ ਸਿੰਘ ਨੇ ਕਿਹਾ ਕਿ ਕਰੋਨਾ ਕਰਕੇ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਵਿਦਿਆਰਥੀ ਅਤੇ ਮਾਪੇ ਚਾਹੁੰਦੇ ਹਨ ਕਿ ਕੋਚਿੰਗ ਸੈਂਟਰਾਂ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ ਲੱਗਣ। ਉਨ੍ਹਾਂ ਕਿਹਾ ਕਿ ਇਸ ਬਾਰੇ ਮਾਪੇ ਲਿਖਤੀ ਸਹਿਮਤੀ ਵੀ ਦੇ ਚੁੱਕੇ ਹਨ ਤੇ ਕਰੋਨਾ ਬਾਰੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਤਿਆਰ ਹਨ।
ਇਸ ਮੌਕੇ ਪ੍ਰੋ. ਐੱਮਪੀ ਸਿੰਘ ਨੇ ਕਿਹਾ ਕਿ ਜਲੰਧਰ ਸਮੇਤ ਪੰਜਾਬ ਦੇ ਬਹੁਤੇ ਕੋਚਿੰਗ ਸੈਂਟਰ ਕਿਰਾਏ ’ਤੇ ਚੱਲ ਰਹੇ ਹਨ ਤੇ ਉਥੇ ਕੰਮ ਕਰਨ ਲਈ ਵੀ ਮੁਲਾਜ਼ਮਾਂ ਨੂੰ ਰੱਖਿਆ ਹੋਇਆ ਹੈ। ਹੁਣ ਸੈਂਟਰ ਬੰਦ ਹੋਣ ਕਰਕੇ ਨਾ ਤਾਂ ਉਹ ਕਿਰਾਇਆ ਦੇਣ ਦੇ ਸਮਰੱਥ ਹਨ ਤੇ ਨਾ ਹੀ ਕੋਚਿੰਗ ਸੈਂਟਰਾਂ ਦੀ ਸਾਂਭ ਸੰਭਾਲ ਕਰ ਰਹੇ ਮੁਲਾਜ਼ਮਾਂ ਨੂੰ ਤਨਖਾਹ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿਚ ਕਰੋਨਾ ਦੀ ਤੀਜੀ ਲਹਿਰ ਆਉਣ ਦੇ ਬਾਵਜੂਦ ਕੋਚਿੰਗ ਸੈਂਟਰ ਬੰਦ ਨਹੀਂ ਕੀਤੇ ਗਏ ਹਨ।
ਕੋਚਿੰਗ ਸੈਂਟਰ ਚਲਾਉਣ ਵਾਲੇ ਪ੍ਰੋਫੈਸਰਾਂ ਵਿਚ ਗੁਰੂਕੁਲ ਦੇ ਪ੍ਰੋਫੈਸਰ ਆਦਰਸ਼ ਭੱਟੀ, ਨੌਲਿਜ਼ ਕੈਂਪਸ ਦੇ ਪ੍ਰੋ. ਤਰੁਣ ਅਗਰਵਾਲ, ਸਟੱਡੀ ਹੱਟ ਦੇ ਪ੍ਰੋ. ਪਰਮਿੰਦਰ ਸਿੰਘ ਬੇਰੀ, ਚਾਣਕਿਆ ਸੈਂਟਰ ਦੇ ਪ੍ਰੋ. ਸਮੀਰ ਅਰੋੜਾ, ਮੈਚ ਪਲੈਨਿਕ ਦੇ ਪ੍ਰੋ. ਦਲਜੀਤ ਸਿੰਘ, ਡਾ. ਜਸਪ੍ਰੀਤ ਸਿੰਘ, ਪ੍ਰੋ. ਗੌਤਮ ਮਿਸ਼ਰਾ, ਪ੍ਰੋ. ਸੰਜੀਵ ਅਗਰਵਾਲ ਤੇ ਪ੍ਰੋ. ਹਰਸ਼ਦੀਪ ਮਿਨਹਾਸ ਸ਼ਾਮਲ ਸਨ। ਉਨ੍ਹਾਂ ਨੇ ਮੰਗ ਪੱਤਰ ਵਿਚ ਕਿਹਾ ਕਿ ਕੋਚਿੰਗ ਸੈਂਟਰ ਖੁੱਲ੍ਹਣ ਨਾਲ ਜਿਥੇ ਵਿਦਿਆਰਥੀਆਂ ਦੀ ਪੜ੍ਹਾਈ ਚੱਲੇਗੀ, ਉਥੇ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਰਾਹ ਪੱਧਰਾ ਹੋ ਜਾਵੇਗਾ।