ਪੱਤਰ ਪ੍ਰੇਰਕ
ਜਲੰਧਰ, 27 ਸਤੰਬਰ
ਈਡੀ ਨੇ ਸਾਬਕਾ ਕਾਂਗਰਸੀ ਮੰਤਰੀ ਆਸ਼ੂ ਦੀਆਂ ਆਰਜ਼ੀ ਤੌਰ ’ਤੇ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਹ ਕਾਰਵਾਈ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਖ਼ਿਲਾਫ਼ ਦਰਜ ਮਨੀ ਲਾਂਡਰਿੰਗ ਮਾਮਲੇ ’ਚ ਕੀਤੀ ਗਈ ਹੈ ਅਤੇ ਕੁੱਲ 22.78 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਇਸ ਜਾਇਦਾਦ ਵਿੱਚ ਲੁਧਿਆਣਾ, ਮੁਹਾਲੀ, ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਿਤ ਅਚੱਲ ਜਾਇਦਾਦ ਅਤੇ ਐੱਫਡੀਜ਼, ਸੋਨੇ ਦੇ ਗਹਿਣੇ ਤੇ ਬੈਂਕ ਖਾਤੇ ਸ਼ਾਮਲ ਹਨ। ਈਡੀ ਨੇ ਆਸ਼ੂ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਕੇਸਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਬਕਾ ਮੰਤਰੀ ਨੇ ਟੈਂਡਰਾਂ ਦੀ ਅਲਾਟਮੈਂਟ ਵਿੱਚ ਕਥਿਤ ਤੌਰ ’ਤੇ ਚੁਣੇ ਹੋਏ ਠੇਕੇਦਾਰਾਂ ਦਾ ਪੱਖ ਪੂਰਿਆ ਸੀ।