ਜਲੰਧਰ: ਪੰਜਾਬ ਸਰਕਾਰ ਨੇ ਫਿਲੀਪਾਈਨਜ਼ ਦੇ ਸ਼ਹਿਰ ਬਾਗੀਓ ਵਿੱਚ ਰਹਿੰਦੇ ਪਰਵਾਸੀ ਪੰਜਾਬੀ ਤੇ ਉੱਘੇ ਕਾਰੋਬਾਰੀ ਗੁਰਮੇਜ ਸਿੰਘ ਗਾਂਧੀ ਨੂੰ ਪੰਜਾਬ ਸਰਕਾਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੇ ਗੁਰਮੇਜ ਸਿੰਘ ਗਾਂਧੀ ਜ਼ਿਲ੍ਹੇ ਦੇ ਬੁੰਡਾਲਾ ਪਿੰਡ ਦੇ ਜੰਮ ਪਲ ਹਨ ਅਤੇ ਉਥੋਂ ਉਨ੍ਹਾਂ ਨੇ ਆਪਣੀ ਰਿਹਾਇਸ਼ ਨੂੰ ਜੰਡਿਆਲਾ ਮੰਜ਼ਕੀ ਵਿੱਚ ਤਬਦੀਲ ਕਰ ਲਿਆ ਸੀ। ਉਹ 1984 ਵਿੱਚ ਉਹ ਫਿਲਪਾਈਨ ਚੱਲੇ ਗਏ ਸਨ। ਸ੍ਰੀ ਗਾਂਧੀ ਨੇ ਮਨੀਲਾ ਤੋਂ ਗੱਲਬਾਤ ਕਰਦਿਆ ਦੱਸਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। -ਨਿੱਜੀ ਪੱਤਰ ਪ੍ਰੇਰਕ