ਹਤਿੰਦਰ ਮਹਿਤਾ
ਜਲੰਧਰ, 10 ਨਵੰਬਰ
ਸਾਰਕ ਲੇਖਕਾਂ ਅਤੇ ਸਾਹਿਤਕਾਰਾਂ ਦੀ ਫਾਊਂਡੇਸ਼ਨ ਦਾ ਚਾਰ ਰੋਜ਼ਾ ਮੇਲਾ ਸ਼ੁਰੂ ਹੋ ਗਿਆ ਹੈ। ਪੰਜਾਬੀ ਦੀ ਨਾਮਵਰ ਲੇਖਕਾ ਅਜੀਤ ਕੌਰ ਅਤੇ ਉਨ੍ਹਾਂ ਦੀ ਧੀ ਅਰਪਨਾ ਕੌਰ ਵੱਲੋਂ ਸਾਰਕ ਦੇਸ਼ਾਂ ਦੇ ਸਾਹਿਤਕਾਰਾਂ ਵੱਲੋਂ ਇਕੱਠੇ ਹੋ ਕੇ ਕਰਵਾਏ ਜਾ ਰਹੇ ਇਸ ਸਾਹਿਤਕ ਮੇਲੇ ਵਿੱਚ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ। ਇਸ ਕੌਮਾਂਤਰੀ ਮੇਲੇ ਦੀ ਸ਼ੁਰੂਆਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਨ ਦੇ ਮੁੱਦੇ ’ਤੇ ਗੱਲਬਾਤ ਕੀਤੀ। ਉਨ੍ਹਾਂ ਇਸ ਕਾਨਫਰੰਸ ਦੌਰਾਨ ਜਿੱਥੇ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਚਰਚਾ ਕੀਤੀ, ਉੱਥੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਧੂੰਏਂ ਅਤੇ ਯਮੁਨਾ ਦੇ ਪਲੀਤ ਹੋਏ ਪਾਣੀ ’ਤੇ ਡੂੰਘੀ ਚਿੰਤਾ ਪ੍ਰਗਟਾਈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਿਵੇਂ ਅਸੀਂ ਬਾਬੇ ਨਾਨਕ ਦੀ ਬਾਣੀ ਤੋਂ ਮੁੱਖ ਮੋੜ ਲਿਆ ਤੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਵੀ ਪਲੀਤ ਕਰਨ ਵਿੱਚ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਮਦਦ ਨਾਲ 165 ਕਿਲੋਮੀਟਰ ਲੰਮੀ ਨਦੀ ਨੂੰ ਮੁਕੰਮਲ ਰੂਪ ਵਿੱਚ ਸਾਫ਼ ਕਰਨ ਵਿੱਚ 25 ਸਾਲ ਲੱਗ ਗਏ। ਉਨ੍ਹਾਂ ਇਸ ਮੌਕੇ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਮਹੱਤਵ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸੰਨ 1999 ਵਿੱਚ ਸੀਚੇਵਾਲ ਮਾਡਲ ਦੀ ਸਥਾਪਨਾ ਕਰ ਕੇ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਦਾ ਮਾਡਲ ਪੇਸ਼ ਕਰ ਦਿੱਤਾ ਸੀ। ਸੰਤ ਸੀਚੇਵਾਲ ਦੇ ਭਾਸ਼ਣ ਦਾ ਅੰਗਰੇਜ਼ੀ ਅਨੁਵਾਦ ਅਰਪਨਾ ਕੌਰ ਨੇ ਕੀਤਾ।