ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਦੇਸ਼ ਵਿੱਚੋਂ ਜਿੱਥੇ ਰਾਖਵਾਂਕਰਨ ਖਤਮ ਕੀਤਾ ਹੈ ਉਥੇ ਬੇਰੁਜ਼ਗਾਰੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਗੜ੍ਹਦੀਵਾਲਾ ਨੇ ਕਿਹਾ ਕਿ ਭਾਜਪਾ ਨੂੰ ਵੋਟ ਦੇਣ ਨਾਲ ਦੇਸ਼ ਦੀਆਂ ਬਾਕੀ ਬਚੀਆ ਜਾਇਦਾਦਾਂ ਵੀ ਵਿਕ ਜਾਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਲੇ ਧਨ ਨੂੰ ਲੈ ਕੇ ਅੰਬਾਨੀ-ਅਡਾਨੀ ਬਾਰੇ ਦਿੱਤੇ ਬਿਆਨ ਉਨ੍ਹਾਂ ਨੇ ਟੈਂਪੂ ਭਰ-ਭਰ ਕੇ ਕਾਂਗਰਸ ਨੂੰ ਪੈਸੇ ਦਿੱਤਾ ਹਨ, ਤੋਂ ਲੋਕ ਹੈਰਾਨ ਹਨ। ਗੜ੍ਹਦੀਵਾਲਾ ਨੇ ਸਵਾਲ ਕੀਤਾ, ‘‘ਜੇਕਰ ਪ੍ਰਧਾਨ ਮੰਤਰੀ ਨੂੰ ਕਥਿਤ ਕਾਲੇ ਧਨ ਬਾਰੇ ਜਾਣਕਾਰੀ ਹੈ ਤੇ ਇਸ ਨੂੰ ਦੇਣ ਵਾਲੇ ਅੰਬਾਨੀਆਂ-ਅਡਾਨੀਆਂ ਬਾਰੇ ਵੀ ਪਤਾ ਸੀ ਤਾਂ ਫਿਰ ਉਨ੍ਹਾਂ ਵਿਰੁੱਧ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ? ਅੰਬਾਨੀ- ਅੰਡਾਨੀ ਕੋਲ ਈਡੀ ਕਿਉਂ ਨਹੀਂ ਗਈਂ?’’ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਇਸ ਨੂੰ ਇੱਕ ਜੁਮਲਾ ਸਮਝਣ ਜਾਂ ਫਿਰ ਪ੍ਰਧਾਨ ਮੰਤਰੀ ਦੀ ਹੜਬੜਾਹਟ ਦਿਖਾਈ ਦੇ ਰਹੀ ਹੈ। ਗੜ੍ਹਦੀਵਾਲਾ ਨੇ ਕਿਹਾ ਕਿ ਅੰਬਾਨੀ-ਅਡਾਨੀ ‘ਕਿਸਾਨ ਵਿਰੋਧੀ’ ਸਾਬਤ ਹੋ ਚੁੱਕੇ ਹਨ, ਜਿਸ ਤੋਂ ਪੰਜਾਬ ਦੇ ਹਰ ਪਿੰਡ ਦਾ ਬੱਚਾ-ਬੱਚਾ ਜਾਣੂ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦੀ ਪਛਾਣ ਕਾਇਮ ਰੱਖਣ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ, ‘‘ਇਹ ਚੋਣਾਂ ਤੈਅ ਕਰਨਗੀਆਂ ਕਿ ਦੇਸ਼ ਵਿੱਚ ਵੰਨ-ਸੁਵੰਨਤਾ ਰੱਖਣੀ ਹੈ ਜਾਂ ਫਿਰ ਇਸ ਦੇਸ਼ ਦਾ ਭਗਵਾਕਰਨ ਹੋਵੇਗਾ।’’