ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਮਈ
ਨਾਜਾਇਜ਼ ਕਲੋਨੀਆਂ ਖਿਲਾਫ ਸ਼ਿਕੰਜਾ ਕੱਸਦਿਆਂ ਜਲੰਧਰ ਵਿਕਾਸ ਅਥਾਰਟੀ (ਜੇਡੀਏ) ਨੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਘਣਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿੰਡ ਢੱਡਾ ਵਿਖੇ ਇੱਕ ਅਣ-ਅਧਿਕਾਰਤ ਕਲੋਨੀ ਨੂੰ ਢਾਹ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਜਾਇਜ਼ ਕਲੋਨੀਆਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਅਜਿਹੇ ਉਲੰਘਣਕਰਤਾਵਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗੈਰ-ਕਾਨੂੰਨੀ ਕਾਰਵਾਈ ਲਈ ਕਾਲੋਨਾਈਜ਼ਰ ਖਿਲਾਫ਼ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ, ਜਿਸ ਤੋਂ ਬਾਅਦ ਅਥਾਰਟੀ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਡੀਏ ਵੱਲੋਂ ਸਬ ਰਜਿਸਟਰਾਰ ਨੂੰ ਵੀ ਪਿੰਡ ਢੱਡਾ ਵਿਖੇ ਕਲੋਨੀ ਖਿਲਾਫ਼ ਕੀਤੀ ਗਈ ਕਾਰਵਾਈ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਨਜਾਇਜ਼ ਕਲੋਨੀ ਨਾਲ ਸਬੰਧਤ ਜਾਇਦਾਦ ਦੀ ਰਜਿਸਟਰੀ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨੇ ਨਜਾਇਜ਼ ਕਲੋਨੀਆਂ ਵਧਣ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਕਰਕੇ ਸਬ ਰਜਿਸਟਰਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਤੱਕ ਅਥਾਰਟੀ ਵੱਲੋਂ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨਓਸੀ) ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੇਲ ਡੀਡ ਨੂੰ ਰਜਿਸਟਰ ਨਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਰੈਗੂਲਰਾਈਜੇਸ਼ਨ ਨੀਤੀ ਤਹਿਤ ਜਿਨ੍ਹਾਂ ਕਾਲੋਨਾਈਜ਼ਰਾਂ ਵੱਲੋਂ ਕਲੋਨੀਆਂ ਰੈਗੂਲਰ ਨਹੀਂ ਕਰਵਾਈਆਂ ਗਈਆਂ, ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਕਰਨ ਲਈ ਪੁਲੀਸ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾ ਰਹੇ ਹਨ।