ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਜੂਨ
ਕੋਵਿਡ- 19 ਦੇ ਟੈਸਟਾਂ ਲਈ ਮਰੀਜ਼ਾਂ ਤੋਂ ਕਥਿਤ ਤੌਰ ’ਤੇ ਵੱਧ ਪੈਸੇ ਵਸੂਲਣ ਦੇ ਦੋਸ਼ ਤਹਿਤ ਇੱਕ ਹੋਰ ਲੈਬ ਵਿਰੁੱਧ ਸਖਤ ਰੁਖ਼ ਅਪਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਿਸ਼ਨਰੇਟ ਪੁਲੀਸ ਨੂੰ ਕੇਸ ਦਰਜ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ।
ਮਕਸੂਦਾਂ ਵਿਚਲੀ ਰਤਨ ਲੈਬ ਕਰੋਨਾ ਦੇ ਟੈਸਟ ਕਰਨ ਲਈ ਦੁੱਗਣੇ ਪੈਸੇ ਵਸੂਲ ਰਹੀ ਸੀ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਕਸੂਦਾਂ ਚੌਕ ਵਿੱਚ ਰਤਨ ਲੈਬਜ਼ ਵਿਰੁੱਧ ਇੱਕ ਹੋਰ ਸ਼ਿਕਾਇਤ ਮੀਡੀਆ ਸੰਸਥਾ ‘ਟਰੂ ਸਕੂਪ’ ਵਿੱਚ ਸਹਾਇਕ ਸੰਪਾਦਕ ਵਜੋਂ ਕੰਮ ਕਰ ਰਹੀ ਅਵਨੀਤ ਕੌਰ ਵੱਲੋਂ ਪ੍ਰਾਪਤ ਹੋਈ। ਉਹ ਮਰੀਜ਼ ਵਜੋਂ ਲੈਬ ਵਿੱਚ ਪੁੱਜੀ ਅਤੇ ਆਰਟੀ-ਪੀਸੀਆਰ ਟੈਸਟਾਂ ਲਈ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਫ਼ੀਸ ਤੋਂ ਦੁੱਗਣੇ 900 ਰੁਪਏ ਦੀ ਅਦਾਇਗੀ ਕੀਤੀ। ਅਵਨੀਤ ਕੌਰ ਨੇ ਟੈਸਟ ਲਈ ਉੱਥੇ ਮੌਜੂਦ ਹੋਰਨਾਂ ਮਰੀਜ਼ਾਂ ਤੋਂ ਪ੍ਰਤੀਕਿਰਿਆ ਲੈਂਦਿਆਂ ਸਾਰੀ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ। ਪੁਲੀਸ ਕਮਿਸ਼ਨਰ ਜਲੰਧਰ ਨੂੰ ਲਿਖੇ ਪੱਤਰ ਵਿੱਚ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਇੱਕ ਸੀਨੀਅਰ ਪੁਲੀਸ ਅਧਿਕਾਰੀ ਤੋਂ ਕਰਵਾਉਣ ਤੋਂ ਇਲਾਵਾ ਦੋਸ਼ ਸਹੀ ਸਾਬਤ ਹੋਣ ’ਤੇ ਲੈਬ ਖਿਲਾਫ਼ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਇਸ ਸਿਹਤ ਸੰਕਟ ਦੌਰਾਨ ਮਰੀਜ਼ਾਂ ਦੀ ਲੁੱਟ ਕਰਨ ਵਾਲੀਆਂ ਲੈਬਾਂ ਅਤੇ ਹਸਪਤਾਲਾਂ ਵਿਰੁੱਧ ਸਖਤ ਰੁਖ ਅਪਣਾਉਂਦਿਆਂ ਐੱਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਸ੍ਰੀ ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਰਟੀ-ਪੀਸੀਆਰ ਟੈਸਟ ਲਈ 450 ਰੁਪਏ ਨਿਰਧਾਰਤ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਇਸ ਤੋਂ ਵੱਧ ਕੀਮਤ ਵਸੂਲ ਕਰਨ ਦੀ ਆਗਿਆ ਨਹੀਂ ਹੈ।