ਪਾਲ ਸਿੰਘ ਨੌਲੀ
ਜਲੰਧਰ, 11 ਜੂਨ
ਨਹਿਰੀ ਤੇ ਡਰੇਨੇਜ਼ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਬਰਸਾਤਾਂ ਤੋਂ ਪਹਿਲਾਂ ਸਤਲੁਜ ਦਰਿਆ ਵਿੱਚ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ 10 ਤੋਂ 12 ਫੁੱਟ ਤੱਕ ਜੰਮੀ ਮਿੱਟੀ ਕੱਢਣ ਦੇ ਕੰਮ ਦੀ ਸ਼ੁਰੂਆਤ ਕਰਨ। ਸਤਲੁਜ ਦਰਿਆ ਦੇ ਕੀਤੇ ਦੌਰੇ ਦੌਰਾਨ ਕ੍ਰਿਸ਼ਨ ਕੁਮਾਰ ਦੇ ਨਾਲ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਇਲਾਕੇ ਦੇ ਪੀੜਤ ਕਿਸਾਨ ਵੀ ਹਾਜ਼ਰ ਸਨ। ਕ੍ਰਿਸ਼ਨ ਕੁਮਾਰ ਨੂੰ ਉਹ ਥਾਂ ਵੀ ਦਿਖਾਈ ਗਈ ਜਿੱਥੋਂ ਦਰਿਆ ਦੇ ਵਹਿਣ ਅੱਗੇ ਵੱਡੇ ਪੱਧਰ ’ਤੇ ਮਿੱਟੀ ਜੰਮੀ ਹੋਈ ਹੈ।
ਗਿੱਦੜਪਿੰਡੀ ਰੇਲਵੇ ਪੁਲ ਹੇਠਾਂ 10 ਤੋਂ 12 ਫੁੱਟ ਤੱਕ ਮਿੱਟੀ ਜੰਮੀ ਹੋਈ ਹੈ ਜਿਹੜੀ ਕਿ ਪਾਣੀ ਦੇ ਨਿਕਾਸ ਵਿੱਚ ਮੁੱਖ ਅੜਿੱਕਾ ਬਣੀ ਹੋਈ ਹੈ। ਕ੍ਰਿਸ਼ਨ ਕੁਮਾਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਜਿੰਨੀ ਵੀ ਮਿੱਟੀ ਪੁਲ ਹੇਠੋਂ ਚੁੱਕੀ ਜਾ ਸਕਦੀ ਉਹ ਚੁੱਕੀ ਜਾਵੇ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਹੁਣ ਤੱਕ ਪੰਜ ਵਾਰ ਟੁੱਟ ਚੁੱਕਾ ਹੈ, ਜਿਸ ਨਾਲ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। ਸਾਲ 2019 ਵਿੱਚ ਆਏ ਹੜ੍ਹ ਦੌਰਾਨ 1200 ਕਰੋੜ ਦਾ ਨੁਕਸਾਨ ਹੋਇਆ ਸੀ। ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ।
ਕੈਬਨਿਟ ਮੰਤਰੀ ਵੱਲੋਂ ਉਝ ਦਰਿਆ ’ਤੇ ਨਿਰਮਾਣ ਕਾਰਜਾਂ ਦਾ ਨਿਰੀਖਣ
ਪਠਾਨਕੋਟ(ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਸਮਰਾਲਾ ਵਿੱਚ ਉਝ ਦਰਿਆ ਤੇ ਹੜ੍ਹਾਂ ਤੋਂ ਬਚਾਅ ਲਈ 50 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੱਥਰਾਂ ਦੇ ਕਰੇਟਾਂ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਉਝ ਦਰਿਆ ਕਾਫੀ ਉਛਾਲ ’ਤੇ ਰਹਿੰਦਾ ਹੈ। ਇਸ ਨਾਲ ਪਿੰਡ ਸਮਰਾਲਾ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦਰਿਆ ਦਾ ਪਾਣੀ ਪਿੰਡ ਦੇ ਬਿਲਕੁਲ ਨੇੜੇ ਤੋਂ ਲੰਘਦਾ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਪਿੰਡ ਦੇ ਨਜ਼ਦੀਕ ਦਰਿਆ ਕਿਨਾਰੇ ਸੰਭਾਵਿਤ ਹੜ੍ਹ ਦੇ ਖਤਰੇ ਨੂੰ ਘੱਟ ਕਰਨ ਲਈ ਸਪੱਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਕੁਲਵੰਤ ਸਿੰਘ, ਲਾਡੀ ਕੁਮਾਰ, ਮਾਸਟਰ ਹਜ਼ਾਰੀ ਲਾਲ, ਰਮਨ ਕੁਮਾਰ, ਰਾਹੁਲ ਸਿੰਘ, ਰਾਜੇਸ਼ ਮਹਾਜ਼ਨ ਆਦਿ ਹਾਜ਼ਰ ਸਨ।