ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਸਤੰਬਰ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲੀਸ ਨੇ ਦੋ ਹਫ਼ਤਿਆਂ ਤਕ ਚੱਲੇ ਇੱਕ ਵੱਡੇ ਅਪਰੇਸ਼ਨ ਦੌਰਾਨ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਦੋ ਹਫ਼ਤਿਆਂ ਤੱਕ ਚੱਲੇ ਇਸ ਅਪਰੇਸ਼ਨ ਦੌਰਾਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ 17 ਖ਼ਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਖਤਰਨਾਕ ਅਪਰਾਧੀ ਕਨੂੰ ਗੁੱਜਰ, ਇੱਕ ਗੈਂਗਸਟਰ ਅਤੇ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਅਤੇ ਹੋਰ ਸ਼ਾਮਲ ਹਨ। ਮੁਲਜ਼ਮਾਂ ਵਿਰੁੱਧ 38 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੱਟੜ ਅਪਰਾਧੀਆਂ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਬਰਾਮਦਗੀ ਵਿੱਚ 18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਸ਼ਾਮਲ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਇਕੋ ਨੁਕਾਤੀ ਏਜੰਡਾ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਰੀੜ੍ਹ ਦੀ ਹੱਡੀ ਤੋੜਨਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਠੱਲ੍ਹ ਪਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।