ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਦੇ ਵਧ ਰਹੇ ਖਤਰੇ ਨਾਲ ਨਜਿੱਠਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਜਨਵਰੀ ਤੋਂ ਲੈ ਕੇ ਹੁਣ ਤੱਕ ਪੁਲੀਸ ਨੇ ਸਾਈਬਰ ਧੋਖਾਧੜੀ ਨਾਲ ਸਬੰਧਤ 883 ਸ਼ਿਕਾਇਤਾਂ ਵਿੱਚੋਂ 764 ਦਾ ਨਿਪਟਾਰਾ ਕੀਤਾ ਹੈ ਅਤੇ ਡਿਜੀਟਲ ਘੁਟਾਲਿਆਂ ਵਿਰੁੱਧ ਆਪਣੀ ਤੇਜ਼ ਮੁਹਿੰਮ ਦੇ ਹਿੱਸੇ ਵਜੋਂ 10 ਐੱਫਆਈਆਰ ਦਰਜ ਕੀਤੀਆਂ ਹਨ।
ਨਸ਼ਿਆਂ, ਸਟਰੀਟ ਕ੍ਰਾਈਮ ਅਤੇ ਈਵ ਟੀਜ਼ਿੰਗ ਵਿਰੁੱਧ ਆਪਣੀਆਂ ਸਫ਼ਲ ਮੁਹਿੰਮਾਂ ਅੱਗੇ ਵਧਾਉਂਦਿਆਂ ਕਮਿਸ਼ਨਰੇਟ ਪੁਲੀਸ ਨੇ ਜਾਗਰੂਕਤਾ ਪੈਦਾ ਕਰਨ ਅਤੇ ਨਾਗਰਿਕਾਂ ਨੂੰ ਆਨਲਾਈਨ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਦੌਰਾਨ 60 ਸਕੂਲਾਂ, ਕਾਲਜਾਂ ਅਤੇ 35 ਰਿਹਾਇਸ਼ੀ ਭਲਾਈ ਐਸੋਸੀਏਸ਼ਨਾਂ ਵਿੱਚ ਕੁੱਲ 19 ਸਾਈਬਰ ਕ੍ਰਾਈਮ ਜਾਗਰੂਕਤਾ ਕੈਂਪ ਲਾਏ ਗਏ। ਇਨ੍ਹਾਂ ਸੈਸ਼ਨਾਂ ਨੇ ਭਾਗੀਦਾਰਾਂ ਨੂੰ ਫਿਸ਼ਿੰਗ, ਜਾਅਲੀ ਕਾਲਾਂ ਅਤੇ ਡਿਜ਼ੀਟਲ ਨਕਲ ਸਮੇਤ ਆਮ ਸਾਈਬਰ ਕ੍ਰਾਈਮ ਰਣਨੀਤੀਆਂ ਬਾਰੇ ਜਾਗਰੂਕ ਕੀਤਾ ਗਿਆ ਹੈ। ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਸਾਈਬਰ ਕ੍ਰਾਈਮ ਮਾਮਲਿਆਂ ਦੀ ਵਧ ਰਹੀ ਗਿਣਤੀ ਪ੍ਰਤੀ ਆਪਣੀ ਪ੍ਰਤੀਕਿਰਿਆ ਵਧਾਉਣ ਲਈ ਪੁਲੀਸ ਨੇ ਸਮਰਪਿਤ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦੀ ਸਥਾਪਨਾ ਕੀਤੀ ਹੈ।