ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਸਤੰਬਰ
ਸੂਬੇ ਵਿਚ ਨਿਰਧਾਰਤ ਸਮਾਂ-ਸੀਮਾ ਦੇ ਅੰਦਰ 13.53 ਲੱਖ ਤੋਂ ਵੱਧ ਖਸਰਾ ਇੰਦਰਾਜਾਂ ਨੂੰ ਆਨਲਾਈਨ ਕਰਕੇ ਸੌ ਫੀਸਦੀ ਈ-ਗਿਰਦਾਵਰੀ ਨੂੰ ਮੁਕੰਮਲ ਕਰਨ ਵਾਲਾ ਜਲੰਧਰ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਕਾਰਜ ਨੂੰ ਨੇਪਰੇ ਚੜ੍ਹਨ ਲਈ ਇੱਕ ਵਿਸ਼ਾਲ ਅਭਿਆਸ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ 13,53,542 ਖਸਰਾ ਨੰਬਰ ਆਨਲਾਈਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਹਿਤਪੁਰ ਸਬ ਤਹਿਸੀਲ ਵਿੱਚ 59,540 ਖਸਰਾ ਇੰਦਰਾਜ ਆਨਲਾਈਨ ਕੀਤੇ ਗਏ ਹਨ। ਜਦਕਿ ਕ੍ਰਮਵਾਰ 98,244, 1,61,865, 96,301, 1,33,767, 76,031, 1,41,764, 1,72,979, 79,388, 1,17,465, 1,04,858 ਅਤੇ 1,10683 ਇੰਦਰਾਜ ਜਲੰਧਰ -2, ਸ਼ਾਹਕੋਟ, ਗੁਰਾਇਆ, ਫਿਲੌਰ, ਲੋਹੀਆਂ, ਨੂਰਮਹਿਲ, ਨਕੋਦਰ, ਕਰਤਾਰਪੁਰ, ਜਲੰਧਰ -1, ਆਦਮਪੁਰ ਅਤੇ ਭੋਗਪੁਰ ਦੀਆਂ ਤਹਿਸੀਲਾਂ/ਉਪ ਤਹਿਸੀਲਾਂ ਵਿੱਚ ਕੀਤੇ ਗਏ ਹਨ।ਪ੍ਰਾਜੈਕਟ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਡਿਜੀਟਾਈਜ਼ੇਸਨ ਦੀ ਦਿਸ਼ਾ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ 2020 ਦੇ ਸਾਉਣੀ ਫਸਲਾਂ ਦੀ ਈ-ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਗਿਰਦਾਵਰੀ ਇੱਕ ਦਸਤਾਵੇਜ਼ ਹੈ, ਜਿਸ ਵਿੱਚ ਪਟਵਾਰੀ ਵੱਲੋਂ ਮਾਲਕ ਦੇ ਨਾਂ, ਕਾਸ਼ਤਕਾਰ ਦਾ ਨਾਂ, ਜ਼ਮੀਨ/ਖਸਰਾ ਨੰਬਰ, ਖੇਤਰ, ਜ਼ਮੀਨ ਦੀ ਕਿਸਮ, ਖੇਤੀ ਅਤੇ ਗੈਰ ਖੇਤੀ ਖੇਤਰ, ਸਿੰਚਾਈ ਦੇ ਸਾਧਨ, ਫਸਲ ਦਾ ਨਾਂ ਅਤੇ ਇਸ ਦੀ ਹਾਲਤ, ਮਾਲੀਆ ਅਤੇ ਮਾਲੀਏ ਦੀ ਦਰ ਆਦਿ ਨੂੰ ਸਾਲ ਵਿੱਚ ਦੋ ਵਾਰ ਦਰਜ ਕੀਤਾ ਜਾਂਦਾ ਹੈ।