ਪੱਤਰ ਪ੍ਰੇਰਕ
ਜਲੰਧਰ, 27 ਮਈ
ਜਲੰਧਰ ਲੋਕ ਸਭਾ ਚੋਣ ਦੌਰਾਨ 1 ਜੂਨ ਨੂੰ ਵੋਟਾਂ ਪੈਣ ਉਪਰੰਤ 4 ਜੂਨ ਨੂੰ ਗਿਣਤੀ ਦੇ ਕਾਰਜ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀਟੀ ਇੰਸਟੀਚਿਊਟ ਕੈਂਪਸ ਵਿੱਚ ਗਿਣਤੀ ਅਮਲੇ ਦੀ ਦੂਜੀ ਰਿਹਰਸਲ ਕਰਵਾਈ ਗਈ। ਡੀਸੀ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਗਿਣਤੀ ਅਮਲੇ ਨੂੰ ਵੋਟਾਂ ਦੀ ਗਿਣਤੀ ਸਬੰਧੀ ਸਿਖਲਾਈ ਦੇਣ ਲਈ ਉਨ੍ਹਾਂ ਦੀ ਦੂਜੀ ਰਿਹਰਸਲ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਰਿਹਰਸਲ ਦੌਰਾਨ ਵੋਟਾਂ ਦੀ ਗਿਣਤੀ ਲਈ ਤਾਇਨਾਤ ਲਗਭਗ 580 ਸਟਾਫ਼ ਮੈਂਬਰਾਂ ਨੂੰ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਵੱਲੋਂ ਗਿਣਤੀ ਪ੍ਰਕਿਰਿਆ ਬਾਰੇ ਟਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਰਿਹਰਸਲ ਦੌਰਾਨ ਗਿਣਤੀ ਅਮਲੇ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਬਾਰੇ ਟਰੇਨਿੰਗ ਦੇਣ ਤੋਂ ਇਲਾਵਾ ਇਸ ਮਹੱਤਵਪੂਰਨ ਕਾਰਜ ਸਬੰਧੀ ਅਹਿਮ ਨੁਕਤੇ ਵੀ ਸਾਂਝੇ ਕੀਤੇ ਗਏ। ਡਾ. ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਸਰਕਾਰੀ ਸਪੋਰਟਸ ਤੇ ਆਰਟ ਕਾਲਜ, ਸਟੇਟ ਪਟਵਾਰ ਸਕੂਲ, ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਰਕਾਰੀ ਸਪੋਰਟਸ ਸਕੂਲ ਹੋਸਟਲ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ ਅਤੇ ਹਰ ਵਿਧਾਨ ਸਭਾ ਹਲਕੇ ਵਿੱਚ ਹਰ ਟੇਬਲ ’ਤੇ ਗਿਣਤੀ ਅਮਲੇ ਨੂੰ ਟੀਮਾਂ ਵਿੱਚ ਵੰਡਿਆ ਗਿਆ ਹੈ। ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਕਰਨ ਸ਼ਰਮਾ ਅਤੇ ਹਰਬਿਲਾਸ ਹੀਰਾ ਵੱਲੋਂ ਗਿਣਤੀ ਅਮਲੇ ਨੂੰ ਵੋਟਾਂ ਦੀ ਗਿਣਤੀ ਸਬੰਧੀ ਸਿਖ਼ਲਾਈ ਦਿੱਤੀ ਗਈ।
ਤੀਜੀ ਰਿਹਰਸਲ: ਚੋਣ ਅਮਲੇ ਨੂੰ ਬੂਟੇ ਵੰਡੇ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਐੱਸ.ਡੀ.ਐੱਮ. ਬਲਾਚੌਰ-ਕਮ-ਸਹਾਇਕ ਚੋਣ ਅਫ਼ਸਰ ਰਵਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ’ਚ ਡਿਊਟੀ ਨਿਭਾਉਣ ਵਾਲੇ ਚੋਣ ਅਮਲੇ ਦੀ ਤੀਜੀ ਰਿਹਰਸਲ ਬਾਬਾ ਬਲਰਾਜ ਕਾਲਜ ਵਿੱਚ ਕਰਵਾਈ ਗਈ। ਇਸ ਮੌਕੇ ਐੱਸ.ਡੀ.ਐੱਮ. ਸ੍ਰੀ ਬਾਂਸਲ ਨੇ ਦੱਸਿਆ ਕਿ ਚੋਣ ਅਮਲੇ ਦੀ ਸਿਖਲਾਈ ਮੁਕੰਮਲ ਕਰ ਲਈ ਗਈ ਹੈ। ਉਨ੍ਹਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਚੋਣ ਨੂੰ ਗਰੀਨ ਚੋਣ ਵਜੋਂ ਕਰਵਾਉਣ ਲਈ ਸਮੂਹ ਚੋਣ ਅਮਲੇ ਨੂੰ ਬੂਟਿਆਂ ਦੀ ਵੰਡ ਕੀਤੀ। ਇਸ ਮੌਕੇ ਵਿਕਾਸ ਸ਼ਰਮਾ ਤਹਿਸੀਲਦਾਰ ਬਲਾਚੌਰ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਜਸਵੀਰ ਕੌਰ ਬੀ.ਡੀ.ਪੀ.ਓ. ਬਲਾਚੌਰ, ਪੂਰਨ ਪੰਕਜ ਸ਼ਰਮਾ ਸੀ.ਡੀ. ਪੀ.ਓ. ਬਲਾਚੌਰ, ਜਸਵੀਰ ਕੌਰ ਸੀ.ਡੀ.ਪੀ.ਓ. ਸੜੋਆ, ਸੁਪਰਡੈਂਟ ਹਰਵਿੰਦਰ ਸਿੰਘ, ਧਨਵੰਤ ਸਿੰਘ, ਬਲਤੇਜਵੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ।