ਪਾਲ ਸਿੰਘ ਨੌਲੀ
ਜਲੰਧਰ, 8 ਮਾਰਚ
ਇੱਥੋਂ ਦੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਪੰਜ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਹ 30 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਨ੍ਹਾਂ ਦਾ ਉਦਘਾਟਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਵਿੱਚ ਇਕ ਰੈਸਟੋਰੈਂਟ, ਯੋਗਾ ਤੇ ਏਅਰੋਬਿਕਸ ਕੇਂਦਰ, ਖੇਡਾਂ ਦੀ ਦੁਕਾਨ, ਫਿਜ਼ਿਓਥਰੈਪੀ ਕੇਂਦਰ ਤੇ ਇਕ ਸੈਲਫੀ ਪੁਆਇੰਟ ਸ਼ਾਮਲ ਹਨ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਜਲੰਧਰ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਏਨੀ ਵੱਡੇ ਪੱਧਰ ’ਤੇ ਅਪਗ੍ਰੇਡ ਕੀਤਾ ਗਿਆ ਹੈ ।
ਡੀ.ਬੀ.ਏ. ਜਲੰਧਰ ਦੇ ਪ੍ਰਧਾਨ ਘਨਸ਼ਿਆਮ ਥੋਰੀ ਨੇ ਅੰਤਰਿਮ ਕਮੇਟੀ ਦੇ ਸ਼ਲਾਘਾਯੋਗ ਕਾਰਜਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਥੋਰੀ ਨੇ ਡੀ.ਬੀ.ਏ. ਜਲੰਧਰ ਦੇ ਲਾਈਫ ਮੈਂਬਰਾਂ ਨੂੰ ਮੈਂਬਰਸ਼ਿਪ ਕਾਰਡ ਵੀ ਵੰਡੇ, ਜਿਸ ਨਾਲ ਲਾਈਫ਼ ਮੈਂਬਰਾਂ ਨੂੰ ਇੱਥੇ ਬਣੇ ਰੈਸਟੋਰੈਂਟ, ਯੋਗਾ ਤੇ ਐਰੋਬਿਕਸ ਕੇਂਦਰ, ਖੇਡ ਦੁਕਾਨ, ਉਲੰਪੀਅਨ ਦਿਪਾਂਕਰ ਅਕੈਡਮੀ ਅਤੇ ਫਿਜ਼ਿਓਥਰੈਪੀ ਕੇਂਦਰ ’ਤੇ ਘੱਟ ਕੀਮਤ ’ਤੇ ਸਹੂਲਤਾਂ ਦਾ ਲਾਭ ਮਿਲ ਸਕਦਾ ਹੈ।
ਡੀ.ਬੀ.ਏ. ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਕਿਹਾ ਕਿ ਰੈਸਟੋਰੈਂਟ 20 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ, ਜਿਸ ਵਿੱਚੋਂ 10 ਲੱਖ ਰੁਪਏ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਵੱਲੋਂ ਅਤੇ 4.81 ਲੱਖ ਰੁਪਏ ਡਿਪਟੀ ਕਮਿਸ਼ਨਰ ਥੋਰੀ ਵੱਲੋਂ ਜ਼ਿਲ੍ਹਾ ਰਾਹਤ ਸੁਸਾਇਟੀ ਰਾਹੀਂ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਅੰਤਰਿਮ ਕਮੇਟੀ ਮੈਂਬਰਾਂ ’ਚ ਅਨਿਲ ਭੱਟੀ (ਆਈ.ਆਰ.ਐਸ. ਸੇਵਾ ਮੁਕਤ), ਹਰਪ੍ਰੀਤ ਸਿੰਘ, ਨਰੇਸ਼ ਬੁਧਿਆ, ਕੁਸਮ ਕੇਪੀ ਅਤੇ ਮੁਕੁਲ ਵਰਮਾ ਹਾਜ਼ਰ ਸਨ।