ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਸਤੰਬਰ
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਅਤੇ ਸਭਿਆਚਾਰਕ ਵਿੰਗ ਦੀ ਹੋਈ ਮੀਟਿੰਗ ’ਚ ਗ਼ਦਰੀ ਬਾਬਿਆਂ ਦੇ ਮੇਲੇ ਦੀ ਰੂਪ ਰੇਖਾ ਉਲੀਕਣ ਲਈ ਗੰਭੀਰ ਵਿਚਾਰਾਂ ਹੋਈਆਂ। ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਮੁਲਕ ਦੇ ਨਾਮਵਰ ਵਿਦਵਾਨਾਂ ਅਰੁੰਧਤੀ ਰਾਏ, ਪ੍ਰਬੀਰ, ਰਾਜਿੰਦਰ ਸਿੰਘ ਚੀਮਾ, ਅਪੂਰਵਾ ਨੰਦ, ਅਤੇ ਆਨੰਦ ਪਟਵਰਧਨ ਨੇ ਮੇਲੇ ਵਿੱਚ ਆਉਣ ਦੇ ਮਿਲੇ ਸੱਦਾ ਪੱਤਰ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਪ੍ਰੈੱਸ ਨਾਲ ਮੀਟਿੰਗ ਦੀ ਕਾਰਵਾਈ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 28 ਸਤੰਬਰ ਨੂੰ ਕਰਵਾਇਆ ਜਾਏਗਾ।