ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਮਿੱਡ ਡੇਅ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਅਹਿਮ ਮੀਟਿੰਗ ਇਥੇ ਪ੍ਰਧਾਨ ਜਸਵਿੰਦਰ ਕੌਰ ਟਾਹਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮੁੱਖ ਸਲਾਹਕਾਰ ਅਤੇ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਮਿੱਡ ਡੇਅ ਮੀਲ ਵਰਕਰਾਂ ਪਿਛਲੇ 15-16 ਸਾਲਾਂ ਤੋਂ ਰੈਗੂਲਰ ਹੋਣ ਦੀ ਲੜਾਈ ਲੜ ਰਹੀਆਂ ਹਨ ਪਰ ਸਰਕਾਰਾਂ ਇਨ੍ਹਾਂ ਨੂੰ ਲਾਰੇ ਲੱਪੇ ਲਾਉਣ ਤੋਂ ਬਗੈਰ ਕੁੱਝ ਵੀ ਨਹੀਂ ਦੇ ਸਕੀਆਂ। ਸਰਕਾਰ ਨੇ ਸਿਰਫ਼ 2200 ਰੁਪਏ ਜੁਲਾਈ ਤੋਂ ਦੇ ਕੇ ਪਾਸਾ ਵੱਟ ਲਿਆ ਹੈ। ਇਸ ਲਈ ਮਿੱਡ ਡੇਅ ਮੀਲ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿਚ ਹੁਣ ਮਿੱਡ ਡੇਅ ਮੀਲ ਵਰਕਰਜ਼ ਯੂਨੀਅਨ 29 ਅਗਸਤ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰੇਗੀ। ਉਨ੍ਹਾਂ ਨੇ ਵਰਕਰਾਂ ਨੂੰ 29 ਅਗਸਤ ਦੀ ਸੰਗਰੂਰ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਜਥੇਬੰਦੀ ਦੀ ਪ੍ਰਧਾਨ ਜਸਵਿੰਦਰ ਕੌਰ ਟਾਹਲੀ ਨੇ 29 ਅਗਸਤ ਦੀ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਆਗੂ ਵਰਕਰਾਂ ਨੂੰ ਸਮੂਹ ਵਰਕਰਾਂ ਨਾਲ ਹੁਣ ਤੋਂ ਹੀ ਸੰਪਰਕ ਬਣਾ ਕੇ ਤਿਆਰ ਰਹਿਣ ਦਾ ਸੱਦਾ ਦਿੱਤਾ।