ਪਾਲ ਸਿੰਘ ਨੌਲੀ
ਜਲੰਧਰ, 27 ਅਕਤੂਬਰ
ਈ-ਟੋਕਰੀ ਕੰਪਨੀ ਨੇ ਲੋਕਾਂ ਨੂੰ ਪੈਸੇ ਚਾਰ ਗੁਣਾਂ ਕਰ ਕੇ ਦੇਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਠੱਗ ਲਏ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੰਪਨੀ ਦਾ ਦਫਤਰ ਬੰਦ ਹੋ ਗਿਆ। ਲੱਧੇਵਾਲੀ ਇਲਾਕੇ ਦੀ ਰਹਿਣ ਵਾਲੀ ਬੇਅੰਤ ਕੌਰ ਅਤੇ ਉਸ ਦੇ ਭਰਾ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਈ-ਟੋਕਰੀ ਵਿਚ ਪੈਸੇ ਨਿਵੇਸ਼ ਕੀਤੇ ਸਨ। ਇਹ ਕੰਪਨੀ ਲੋਕਾਂ ਨੂੰ ਮੋਟਾ ਮੁਨਾਫਾ ਤੇ ਕਮਿਸ਼ਨ ਵੀ ਦੇ ਰਹੀ ਸੀ। ਕੰਪਨੀ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਈ-ਟੋਕਰੀ ਸਕੀਮ ਵਿਚ 1500 ਰੁਪਏ ਦੀ ਆਈਡੀ ਬਣੇਗੀ ਤੇ ਜਿੰਨੀਆਂ ਆਈਡੀ ਬਣਾਉਣਗੇ ਉਸੇ ਹਿਸਾਬ ਨਾਲ ਉਨ੍ਹਾਂ ਦੇ ਪੈਸੇ ਦੁੱਗਣੇ ਤੇ ਚਾਰ ਗੁਣਾਂ ਕੀਤੇ ਜਾਣਗੇ।
ਬੇਅੰਤ ਕੌਰ ਨੇ ਦੱਸਿਆ ਕਿ 2 ਨਵੰਬਰ 2018 ਨੂੰ ਊਸ ਨੇ ਆਪਣੇ ਪਤੀ ਦੇ ਬੈਂਕ ਖਾਤੇ ਰਾਹੀਂ ਕੰਪਨੀ ਨੂੰ 1 ਲੱਖ ਰੁਪਏ ਤੋਂ ਵੱਧ ਪੈਸ ਭੇਜੇ ਸਨ, ਜਿਸ ਦੀਆਂ ਉਸ ਨੇ 67 ਆਈਡੀਜ਼ ਬਣਾਈਆਂ ਸਨ। ਫਿਰ ਉਨ੍ਹਾਂ ਨੇ ਇਕ ਹਫਤੇ ਬਾਅਦ ਕੰਪਨੀ ਨੂੰ 27 ਹਜ਼ਾਰ ਰੁਪਏ ਭੇਜ ਕੇ 18 ਹੋਰ ਆਈਡੀ ਬਣਾ ਲਈਆਂ। ਆਈਡੀ ਬਣਾਉਣ ਲਈ ਕੰਪਨੀ ਲੋਕਾਂ ਕੋਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਤੇ ਹੋਰ ਨਿੱਜੀ ਜਾਣਕਾਰੀ ਲੈਂਦੀ ਸੀ ਤੇ ਓਟੀਪੀ ਭੇਜ ਕੇ ਆਈਡੀ ਚਲਾਉਣ ਲਈ ਕਿਹਾ ਜਾਂਦਾ ਸੀ। ਬੇਅੰਤ ਕੌਰ ਨੇ ਦੱਸਿਆ ਕਿ ਕੰਪਨੀ ਨੇ ਨਾ ਤਾਂ ਉਸ ਨੂੰ ਕੋਈ ਮੁਨਾਫਾ ਦਿੱਤਾ ਤੇ ਨਾ ਹੀ ਨਿਵੇਸ਼ ਕੀਤੇ ਪੈਸੇ ਵਾਪਸ ਕੀਤੇ। ਉਲਟਾ ਕੰਪਨੀ ਵਾਲਿਆਂ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਬੇਅੰਤ ਕੌਰ ਦਾ ਕਹਿਣਾ ਸੀ ਕਿ ਉਸ ਦੇ ਭਰਾ ਤੇ ਹੋਰ ਰਿਸ਼ਤੇਦਾਰਾਂ ਨੇ ਵੀ ਇਸ ਕੰਪਨੀ ਵਿਚ ਪੈਸੇ ਜਮ੍ਹਾਂ ਕਰਵਾਏ ਸਨ।
ਕੰਪਨੀ ਨੇ ਹੁਣ ਦਫਤਰ ਬੰਦ ਕਰ ਦਿੱਤਾ ਹੈ ਤੇ ਇਸ ਦੀ ਸ਼ਿਕਾਇਤ ਜਲੰਧਰ ਪੁਲੀਸ ਕਮਿਸ਼ਨਰ ਨੂੰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਈ-ਟੋਕਰੀ ਕੰਪਨੀ ਦੇ ਮੋਹਾਲੀ ਵਿਚ ਰਹਿਣ ਵਾਲੇ ਡਾਇਰੈਕਟਰ ਸਰਬਜੀਤ ਸਿੰਘ, ਬਲਜਿੰਦਰ ਸਿੰਘ ਅਤੇ ਪੀਪੀ ਸਿੰਘ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰਕੇ ਊਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।