ਪਾਲ ਸਿੰਘ ਨੌਲੀ
ਜਲੰਧਰ, 29 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੇਤ ਮਾਫੀਆ ਨੂੰ ਨੱਥ ਪਾਉਣ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਫਿਲੌਰ ਇਲਾਕੇ ਵਿਚ ਹੋ ਰਹੀ ਧੜੱਲੇ ਨਾਲ ਖਣਨ ਨਾਲ ਸਤਲੁਜ ਦਰਿਆ ਦਾ ਵਹਿਣ ਬਦਲ ਗਿਆ ਹੈ। ਇਸ ਨਾਲ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਵਧ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਹਾਜ਼ਰੀ ਵਿਚ ਪੀੜਤ ਕਿਸਾਨਾਂ ਕਾਬਲ ਸਿੰਘ ਤੇ ਬਲਕਾਰ ਸਿੰਘ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲੌਰ ਇਲਾਕੇ ਵਿਚ ਜਿੱਥੋਂ ਰੇਤ ਕੱਢੀ ਜਾ ਰਹੀ ਹੈ, ਉਸ ਨਾਲ ਉਨ੍ਹਾਂ ਦੀ ਉਪਜਾਊ ਜ਼ਮੀਨ ਹੈ। ਪਿੰਡ ਸੇਲਕੀਆਣਾ ਤੋਂ ਜਮਾਲਪੁਰ ਲੁਧਿਆਣਾ ਤੱਕ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਪਹਿਲਾਂ ਸਿੱਧਾ ਵਗਦਾ ਹੁੰਦਾ ਸੀ। ਹੁਣ ਖਣਨ ਲਈ ਜਿੱਥੇ ਗ਼ੈਰਕਾਨੂੰਨੀ ਖੱਡ ਵਿੱਚੋਂ ਰੇਤਾ ਕੱਢਿਆ ਜਾ ਰਿਹਾ ਹੈ, ਉਸ ਨਾਲ ਹੁਣ ਦਰਿਆ ਦਾ ਵਹਿਣ ਪਿੰਡ ਕਡਿਆਣਾ ਵੱਲ ਨੂੰ ਹੋ ਤੁਰਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੰਨ੍ਹ ਟੁੱਟਣ ਦਾ ਖ਼ਤਰਾ ਬਣ ਗਿਆ ਹੈ। ਇਸ ਕਾਰਨ ਉਪਜਾਊ ਜ਼ਮੀਨਾਂ ਬੰਜਰ ਬਣਨ ਅਤੇ ਮਨੁੱਖੀ ਜਾਨਾਂ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਕਿ ਗ਼ੈਰਕਾਨੂੰਨੀ ਤੌਰ ’ਤੇ ਸ਼ੁਰੂ ਕੀਤੀ ਇਹ ਖੱਡ ਬੰਦ ਕਰਵਾਈ ਜਾਵੇ ਤੇ ਨਾਜਾਇਜ਼ ਖਣਨ ਰੋਕੀ ਜਾਵੇ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਸਮਰਾ ਤੇ ਬੂਟਾ ਸਿੰਘ ਸ਼ਾਦੀਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਦਾਅਵਾ ਕੀਤਾ ਕਿ ਕਥਿਤ ਸਰਕਾਰੀ ਸ਼ਹਿ ’ਤੇ ਫਿਲੌਰ ਨੇੜੇ ਝੰਡੀਪੀਰ ਕਡਿਆਣਾ ਵਿਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਰੇਤ ਮਾਫ਼ੀਆ ਗ਼ੈਰਕਾਨੂੰਨੀ ਢੰਗ ਨਾਲ ਪੰਚਾਇਤ ਦੀ ਜ਼ਮੀਨ ’ਚੋਂ ਜਿੱਥੇ ਰੇਤ ਕੱਢ ਰਿਹਾ, ਉੱਥੇ ਸਤਲੁਜ ਦਰਿਆ ’ਚੋਂ ਰੇਤ ਕੱਢ ਕੇ ਮਨੁੱਖੀ ਜਾਨਾਂ ਲਈ ਖ਼ਤਰਾ ਖੜ੍ਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਇੱਕ ਹਫ਼ਤੇ ਤੋਂ ਹੋ ਰਹੀ ਖਣਨ ਖਿਲਾਫ਼ ਲੜ ਰਹੀ ਹੈ ਤੇ ਪੁਲੀਸ ਵਿਰੋਧ ਕਰਨ ਵਾਲਿਆਂ ਨੂੰ ਹੀ ਧਮਕੀਆਂ ਦੇ ਰਹੀ ਹੈ।