ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਫਰਵਰੀ
ਜ਼ਿਲ੍ਹੇ ਵਿੱਚ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ। ਇਸ ਦੌਰਾਨ 73.29 ਫੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮੁੱਚੀਆਂ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ 81,469 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿੱਚ 41102 ਪੁਰਸ਼, 40365 ਮਹਿਲਾ ਅਤੇ 2 ਥਰਡ ਜੈਂਡਰ ਵੋਟਰ ਸ਼ਾਮਲ ਹਨ। ਆਦਮਪੁਰ ਨਗਰ ਕੌਂਸਲ ਵਿੱਚ 71.75 ਫੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਅਲਾਵਲਪੁਰ ਵਿੱਚ ਸਭ ਤੋਂ ਵੱਧ 80.89 ਫੀਸਦੀ ਵੋਟਿੰਗ ਹੋਈ। ਕਰਤਾਰਪੁਰ ਵਿੱਚ 72.08, ਨਕੋਦਰ ਵਿੱਚ 72.22 ਫੀਸਦੀ, ਨੂਰਮਹਿਲ ਵਿੱਚ 80.11 ਫੀਸਦੀ ਵੋਟਾਂ ਪਈਆਂ। ਫਿਲੌਰ ਨਗਰ ਕੌਂਸਲ ਵਿੱਚ 68.24 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਨਗਰ ਪੰਚਾਇਤ ਲੋਹੀਆਂ ਖਾਸ ਵਿੱਚ 76.45 ਫੀ ਸਦੀ ਹੈ ਤੇ ਮਹਿਤਪੁਰ ਨਗਰ ਪੰਚਾਇਤ ਵਿੱਚ 75.87 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ।