ਹਤਿੰਦਰ ਮਹਿਤਾ
ਜਲੰਧਰ, 4 ਨਵੰਬਰ
ਇੱਥੇ ਸ਼ਨਿਚਰਵਾਰ ਦੇਰ ਸ਼ਾਮ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦੇ ਦੋਸ਼ ਲਗਾਉਂਦਿਆਂ ਅੱਜ ਮ੍ਰਿਤਕ ਰਿਸ਼ਭ ਉਰਫ਼ ਬਾਦਸ਼ਾਹ ਦੇ ਪਰਿਵਾਰਕ ਮੈਂਬਰਾਂ ਨੇ ਭਗਵਾਨ ਵਾਲਮੀਕੀ ਚੌਕ (ਜਯੋਤੀ ਚੌਕ) ਵਿੱਚ ਧਰਨਾ ਦਿੱਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਨ ਆਵਾਜਾਈ ਵੀ ਠੱਪ ਹੋ ਗਈ। ਇਸ ਮਗਰੋਂ ਪੁਲੀਸ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ 3 ਦੇ ਐੱਸਐੱਚਓ ਰਵਿੰਦਰ ਕੁਮਾਰ ਨੂੰ ਲਾਈਨਹਾਜ਼ਰ ਕਰ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਧਰਨਾ ਖਤਮ ਕਰ ਦਿੱਤਾ।
ਮਾਮਲਾ ਇੰਨਾ ਵੱਧ ਗਿਆ ਕਿ ਪੁਲੀਸ ਨੂੰ ਦੋਵੇਂ ਪਾਸੇ ਤੋਂ ਸੜਕ ਬੰਦ ਕਰਨੀ ਪਈ ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਉੱਚ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਪਰਿਵਾਰ ਅਤੇ ਸਮਰਥਕਾਂ ਨੂੰ ਸਮਝਾ ਕੇ ਧਰਨਾ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ। ਕਰੀਬ ਇੱਕ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਪੁਲੀਸ ਵੱਲੋਂ ਪਰਿਵਾਰ ਦਾ ਧਰਨਾ ਖ਼ਤਮ ਕਰਵਾਇਆ ਗਿਆ। ਪਰਿਵਾਰ ਨੇ ਦੋਸ਼ ਲਾਇਆ ਕਿ ਮੁਲਜ਼ਮ ਮਨੂ ਕਪੂਰ ਨੂੰ ਪੁਲੀਸ ਵੱਲੋਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ’ਚ ਪੁਲੀਸ ਨੇ ਸਾਹਿਲ ਕਪੂਰ ਉਰਫ਼ ਮੰਨੂ ਕਪੂਰ ਢਿੱਲੋਂ ਵਾਸੀ ਖਿੰਗੜਾ ਗੇਟ, ਸਾਜਨ ਸਹੋਤਾ ਵਾਸੀ ਕਿਸ਼ਨਪੁਰਾ, ਮਾਨਵ ਵਾਸੀ ਭਾਈ ਦਿੱਤਾ ਸਿੰਘ ਨਗਰ, ਐੱਸ.ਨੰਨੂ ਕਪੂਰ ਪੁੱਤਰ ਰਾਕੇਸ਼ ਕਪੂਰ, ਐਮਕੇ ਵਾਸੀ ਖਿੰਗੜਾ ਗੇਟ, ਡਾਕਟਰ ਕੋਹਲੀ ਵਾਸੀ ਖਿੰਗੜਾ ਗੇਟ, ਚਕਸ਼ਤ ਰੰਧਾਵਾ ਵਾਸੀ ਜਲੰਧਰ, ਗੱਗੀ ਵਾਸੀ ਜਲੰਧਰ, ਕਾਕਾ ਚਾਚਾ ਵਾਸੀ ਜਲੰਧਰ ਅਤੇ ਅਣਪਛਾਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।