ਪੱਤਰ ਪ੍ਰੇਰਕ
ਜਲੰਧਰ, 3 ਨਵੰਬਰ
ਗੁਰੂ ਨਾਨਕ ਦੇਵ ਜੀ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਹਰਾ ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲ੍ਹੇਰਖਾਨਪੁਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ। ਇਹ ਨਗਰ ਕੀਰਤਨ ਲਗਭਗ 40 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਵੇਈਂ ਕਿਨਾਰੇ ਦੇਰ ਸ਼ਾਮ ਸਮੇਂ ਸੰਪੰਨ ਹੋਇਆ। ਗੁਰਦੁਆਰਾ ਟਾਹਲੀ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਕਰਨ ਸਮੇਂ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ, ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਪ੍ਰਗਟ ਨਾਥ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਗੁਰਦੇਵ ਸਿੰਘ ਅਤੇ ਮਹਾਤਮਾ ਮੁਨੀ ਜੀ ਸਮੇਤ ਹੋਰ ਕਈ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ। ਨਗਰ ਕੀਰਤਨ ਦੌਰਾਨ 5100 ਦੇ ਕਰੀਬ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ। ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲ੍ਹੇਰਖਾਨਪੁਰ ਤੋਂ ਪਿੰਡ ਧੰਦਲ, ਨੱਥੂਚਾਹਲ, ਰਜਾਪੁਰ, ਆਰੀਆਵਾਲ, ਕੱਸੋਚਾਹਲ, ਭੰਡਾਲ ਦੋਨਾ, ਸਿੱਧਵਾਂ ਦੋਨਾ, ਨਦੇਕੀ, ਕਾਹਲਵਾ, ਥਿਗਲੀ, ਮਾਛੀਪਾਲ, ਕੋਲਪੁਰ, ਕੁਲਾਰ, ਮੋਠਾਵਾਲ, ਅਲਾਦਿੱਤਾ, ਡਡਵਿੰਡੀ, ਚੱਕ ਕੋਟਲਾ ਅੱਡਾ, ਜੈਨਪੁਰ ਅੱਡਾ, ਫੌਜੀ ਕਲੋਨੀ, ਝੱਲਲੇਈਵਾਲ, ਰਣਧੀਰਪੁਰ, ਗੁਰਦੁਆਰਾ ਸੰਤ ਘਾਟ ਤੋਂ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪੁੱਜ ਕੇ ਜੈਕਾਰਿਆਂ ਦੀ ਗੂੰਜ ਵਿੱਚ ਸੰਪੰਨ ਹੋਇਆ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਨਗਰ ਕੀਰਤਨ ਨਾਲ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਂਕ ਓਂਕਾਰ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਟਰੱਸਟ ਵੱਲੋਂ ਪੰਜ ਹਰੇ ਨਗਰ ਕੀਰਤਨ ਕੱਢੇ ਜਾਣਗੇ।