ਪੱਤਰ ਪ੍ਰੇਰਕ
ਜਲੰਧਰ, 12 ਜੁਲਾਈ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟਣ ਨਾਲ ਆਏ ਹੜ੍ਹ ਨੇ ਇਲਾਕੇ ਭਰ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ। ਪਾਣੀ ਦਾ ਪੱਧਰ ਘੱਟਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਉੱਧਰ ਰਾਹਤ ਕਾਰਜਾਂ ਵਿੱਚ ਜੁੱਟੇ ਰਾਜ ਸਭਾ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਸਾਰਾ ਦਿਨ ਕਿਸ਼ਤੀ ਪਾਣੀ ਵਿੱਚ ਘਿਰੇ ਪਿੰਡਾਂ ਦੇ ਲੋਕਾਂ ਨੂੰ ਲੰਗਰ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾਉਂਦੇ ਰਹੇ। ਮੰਡਾਲਾ ਛੰਨਾ ਨੇੜੇ ਪਏ ਪਾੜ ਨੂੰ ਪੂਰਨ ਦਾ ਕੰਮ ਦੂਜੇ ਦਿਨ ਵੀ ਜੰਗੀ ਪੱਧਰ ’ਤੇ ਜਾਰੀ ਰਿਹਾ। ਇਲਾਕੇ ਦੇ ਲੋਕ ਵਿੱਚ ਵੱਡੀ ਗਿਣਤੀ ਵਿੱਚ ਆ ਕੇ ਮਿੱਟੀ ਦੇ ਬੋਰੇ ਭਰਦੇ ਰਹੇ ਤੇ ਲੋਹੇ ਦੇ ਕਰੇਟ ਬਣਾ ਕੇ ਪਾੜ ਵਾਲੀ ਥਾਂ ’ਤੇ ਰਿੰਗ ਬੰਨ੍ਹ ਬਣਾਉਣ ਲਈ ਵਿੱਚ ਲੱਗੇ ਰਹੇ। ਅੱਜ ਸਵੇਰੇ ਸਭ ਤੋਂ ਪਹਿਲਾਂ ਸੰਤ ਸੀਚੇਵਾਲ ਨੇ ਨਸੀਰਪੁਰ ਵਿੱਚ ਰਾਹਤ ਸਮੱਗਰੀ ਲੈ ਕੇ ਪਹੁੰਚੇ। ਦੁਪਹਿਰ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਰਾਜਵਿੰਦਰ ਕੌਰ ਵੀ ਕਿਸ਼ਤੀ ਰਾਹੀਂ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੀ। ਕਾਰਸੇਵਕਾਂ ਵੱਲੋਂ 40 ਦੇ ਕਰੀਬ ਫਸੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਲਿਆਂਦਾ ਗਿਆ। ਇਸ ਦੌਰਾਨ ਬੰਨ੍ਹ ਬੰਨਣ ਦਾ ਕੰਮ ਤਜਰਬੇਕਾਰ ਸੇਵਾਦਾਰਾਂ ਹਵਾਲੇ ਕੀਤਾ ਗਿਆ ਹੈ।
ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਲੰਗਰ ਦੀ ਸੇਵਾ
ਤਰਨ ਤਾਰਨ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਨਿਰਦੇਸ਼ਾਂ ’ਤੇ ਦਰਬਾਰ ਸਾਹਿਬ ਤਰਨ ਤਾਰਨ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੀਆਂ ਸੰਗਤਾਂ ਲਈ ਰਾਸ਼ਨ ਤੇ ਲੰਗਰ ਆਦਿ ਦੀ ਸੇਵਾ ਰੋਜ਼ਾਨਾ ਕੀਤੀ ਜਾ ਰਹੀ ਹੈ| ਦਰਬਾਰ ਸਾਹਿਬ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਹਰੀਕੇ ਹੈੱਡ ਵਰਕਸ ਤੇ ਇਲਾਕਾ ਵਾਸੀਆਂ ਲਈ ਲੰਗਰ ਦੀ ਸੇਵਾ ਕੀਤੀ ਗਈ| ਭਾਈ ਧਰਵਿੰਦਰ ਸਿੰਘ ਨੇ ਕਿਹਾ ਕਿ ਸਮੱਸਿਆ ਬਣੀ ਰਹਿਣ ਤੱਕ ਇਹ ਸੇਵਾ ਕਾਰਜ ਜਾਰੀ ਰੱਖਿਆ ਜਾਵੇਗਾ|