ਪਾਲ ਸਿੰਘ ਨੌਲੀ
ਜਲੰਧਰ, 20 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੇ ਸੁਲਤਾਨਪੁਰ ਲੋਧੀ ਵਿੱਚ ਮਹੱਲਾ ਕੱਢਿਆ। ਨਿਹੰਗ ਸਿੰਘਾਂ ਵੱਲੋਂ ਸਜਾਏ ਗਏ ਮਹੱਲੇ ਦੀ ਸੰਪੂਰਨਤਾ ਉਨ੍ਹਾਂ ਵੱਲੋਂ ਘੋੜਿਆਂ ’ਤੇ ਦਿਖਾਏ ਗਏ ਬਿਹਤਰੀਨ ਕਰਤੱਵਾਂ ਨਾਲ ਹੋਈ। ਗੁਰਦੁਆਰਾ ਸ੍ਰੀ ਸੰਤਘਾਟ ਦੇ ਨੇੜੇ ਖੁੱਲ੍ਹੇ ਮੈਦਾਨ ਵਿੱਚ ਨਿਹੰਗ ਸਿੰਘਾਂ ਨੇ ਦੋ ਘੋੜਿਆਂ ਤੋਂ ਲੈ ਕੇ ਅੱਠ ਘੋੜਿਆਂ ਦੀ ਇੱਕੋ ਸਮੇਂ ਸਵਾਰੀ ਕਰਕੇ ਕਰਤੱਵ ਦਿਖਾਏ। ਇਸ ਤੋਂ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਹੱਲੇ ਦੀ ਆਰੰਭਤਾ ਗੁਰਦੁਆਰਾ ਬੇਰ ਸਾਹਿਬ ਤੋਂ ਹੋਈ। ਗੁਰਦੁਆਰਾ ਅਕਾਲ ਬੂੰਗਾ ਛਾਉਣੀ ਬੁੱਢਾ ਦਲ ਤੋਂ ਨਿਹੰਗ ਸਿੰਘਾਂ ਦੇ ਵਿਸ਼ਾਲ ਕਾਫਲੇ ਵਿਚ ਹਾਥੀ, ਊਠ, ਘੋੜੇ ਅਤੇ ਗੱਡੀਆਂ ਸ਼ਾਮਲ ਸਨ। ਇਸ ਮੌਕੇ ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਜੀ, ਜਥੇਦਾਰ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਗੁਰਦੇਵ ਸਿੰਘ, ਬਾਬਾ ਨੌਰੰਗ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ ਅਤੇ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਪੁਰਸ਼ ਹਾਜ਼ਰ ਸਨ।