ਹਤਿੰਦਰ ਮਹਿਤਾ
ਜਲੰਧਰ, 11 ਮਈ
ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀਟੀਐੱਫ) ਪੰਜਾਬ ਜ਼ਿਲ੍ਹਾ ਜਲੰਧਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਹਕੋਟ ਰੋਡ ਸ਼ੋਅ ਮੌਕੇ ਵੱਖ-ਵੱਖ ਥਾਵਾਂ ਤੇ ਜਥੇਬੰਦੀ ਦੇ ਆਗੂਆਂ ਦੇ ਘਰੀਂ ਛਾਪੇ ਮਾਰ ਕੇ ਨਜ਼ਰਬੰਦ ਕਰਨ ਖ਼ਿਲਾਫ਼ ਜ਼ਿਲ੍ਹਾ ਜਲੰਧਰ ਦੇ ਸਾਰੇ ਬਲਾਕ ਕੇਂਦਰਾਂ ਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ। ਇਨ੍ਹਾਂ ਮੁਜ਼ਾਹਰਿਆਂ ਨੂੰ ਡੀਐੱਮਐੱਫ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ ਜਨਰਲ ਸਕੱਤਰ ਕਲਵਿੰਦਰ ਸਿੰਘ ਜੋਸਨ, ਡੈਮੋਕਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਜ਼ਿਲ੍ਹਾ ਜਲੰਧਰ ਦੀ ਪ੍ਰਧਾਨ ਗੁਰਜੀਤ ਕੌਰ, ਜਨਰਲ ਸਕੱਤਰ ਅੰਮ੍ਰਿਤਪਾਲ ਕੌਰ ਨੁੱਸੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਆਗੂ ਜਸਵੀਰ ਸਿੰਘ ਸੀਰਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਮ ਕਰਦੀਆਂ ਹਜ਼ਾਰਾਂ ਆਸ਼ਾ ਵਰਕਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਵਾਅਦਾ ਪੂਰਾ ਕਰਨ ਦੀ ਬਜਾਏ ਉਹਨਾਂ ਨੂੰ 58 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਫਾਰਗ ਕਰਨ ਦਾ ਪੱਤਰ ਜਾਰੀ ਕਰਕੇ ਖਾਲੀ ਹੱਥ ਘਰ ਤੋਰਿਆ ਜਾ ਰਿਹਾ ਹੈ ਜਿਸ ਕਿਰਨ ਹਰ ਤਰ੍ਹਾਂ ਦੇ ਮੁਲਾਜ਼ਮ ਵਰਗ ਤੇ ਵਰਕਰਾਂ ਵਿੱਚ ਭਾਰੀ ਰੋਸ ਹੈ। ਆਗੂਆਂ ਮੁਤਾਬਕ ਇਸ ਦਾ ਜਵਾਬ ਚੋਣ ਪ੍ਰਚਾਰ ਕਰਨ ਆ ਰਹੇ ਰਾਜਸੀ ਆਗੂਆਂ ਤੋਂ ਮੰਗਿਆ ਜਾ ਰਿਹਾ ਹੈ ਪਰ ਸਰਕਾਰ ਉਨ੍ਹਾਂ ਨੂੰ ਦਬਾ ਕੇ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇ ਰਹੀ। ਰੋਸ ਮੁਜ਼ਾਹਰਿਆ ਵਿੱਚ ਆਗੂਆਂ ਨੇ ਘਰਾਂ ਵਿੱਚ ਨਜ਼ਰਬੰਦ ਕਰਨ ਦੀ ਨਿਖੇਧੀ ਕੀਤੀ।
ਡੀਐੱਮਐੱਫ ਵੱਲੋਂ ਮੁਜ਼ਾਹਰਾ
ਸ਼ਾਹਕੋਟ (ਪੱਤਰ ਪ੍ਰੇਰਕ): ਮੁੱਖ ਮੰਤਰੀ ਪੰਜਾਬ ਦੀ ਸ਼ਾਹਕੋਟ ਫੇਰੀ ਮੌਕੇ ਵਿਰੋਧ ਦੇ ਡਰੋਂ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰਨ ਖ਼ਿਲਾਫ਼ ਡੈਮੋਕਰੈਟਿਕ ਮੁਲਾਜ਼ਮ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਨੇ ਅੱਜ ਸ਼ਾਹਕੋਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਪੁਲੀਸ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੀ ਫੇਰੀ ਸਮੇਂ ਆਸ਼ਾ ਵਰਕਰ ਯੂਨੀਅਨ ਦੀ ਆਗੂ ਅੰਮ੍ਰਿਤਪਾਲ ਕੌਰ ਨੱਸੀ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ ਤੇ ਅਧਿਆਪਕ ਆਗੂ ਕੁਲਵਿੰਦਰ ਸਿੰਘ ਜੋਸਨ ਅਤੇ ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਮਨਦੀਪ ਕੌਰ ਬਿਲਗਾ ਤੇ ਜ਼ਿਲ੍ਹਾ ਜਲੰਧਰ ਦੀ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ ਦੇ ਘਰ ਛਾਪਾ ਮਾਰਿਆ ਸੀ। ਡੀਐੱਮਐੱਫ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਰਿੰਦਰ ਦੁਸਾਂਝ, ਡੈਮੋਕਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਪ੍ਰਧਾਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਆਗੂ ਜਸਵੀਰ ਸ਼ੀਰਾ ਨੇ ਕਿਹਾ ਕਿ ਮੰਗਾਂ ਦੇ ਹੱਲ ਲਈ ਆਗੂਆਂ ਵੱਲੋਂ ਉਠਾਈ ਜਾ ਰਹੀ ਆਵਾਜ਼ ਨੂੰ ਸਰਕਾਰ ਵੱਲੋਂ ਦਬਾਇਆ ਜਾ ਰਿਹਾ ਹੈ।