ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਫਰਵਰੀ
ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੇ ਜਿਊਣ ਦੇ ਅਧਿਕਾਰ, ਵਾਤਾਵਰਨ ਨੂੰ ਲੋਕ ਮੁੱਦਾ ਤੇ ਵੋਟ ਮੁੱਦਾ ਬਣਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਵੋਟਾਂ ਪਾਉਣ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪ੍ਰਚਾਰ ਵੈਨ ਨੂੰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ ਤੋਂ ਝੰਡੀ ਦੇ ਕੇ ਰਵਾਨਾ ਕੀਤਾ । ਇਹ ਪ੍ਰਚਾਰ ਵੈਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਡੋਰ-ਟੂ-ਡੋਰ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰੇਗੀ। ਇਸ ਮੌਕੇ ਵਾਤਾਵਰਨ ਦੀ ਫਿਕਰਮੰਦੀ ਨੂੰ ਲੈ ਕੇ ਗੀਤ ਗਾ ਰਹੇ ਉਘੇ ਗਾਇਕ ਬਲਬੀਰ ਸ਼ੇਰਪੁਰੀ, ਬੁੱਧੀਜੀਵੀ ਤੇ ਸੇਵਾਦਾਰਾਂ ਆਦਿ ਨੇ ਹਾਜ਼ਰੀ ਭਰਦੇ ਹੋਏ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਜਾਰੀ ਕੀਤੇ ਗਏ ਗ੍ਰੀਨ ਚੋਣ ਮਨੋਰਥ ਪੱਤਰ ਨੇ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਵਧਾਉਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸੰਤ ਸੀਚੇਵਾਲ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦਾ ਮਕਸਦ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ, ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਨਾ ਤੇ ਵੋਟਰਾਂ ਨੂੰ ਜਾਗਰੂਕ ਕਰਨਾ ਹੈ ਕਿਉਂਕਿ ਉਨ੍ਹਾਂ ਦੀ ਵੋਟ ਨਾਲ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਨਾਲ ਪਸ਼ੂ, ਪੰਛੀਆਂ ਦਾ ਜੀਵਨ ਵੀ ਜੁੜਿਆ ਹੋਇਆ ਹੈ। ਸ਼ੁੱਧ ਹਵਾ, ਪਾਣੀ ਤੇ ਖੁਰਾਕ ਸਾਡਾ ਸਭ ਦਾ ਅਧਿਕਾਰ ਹੈ।