ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਜੁਲਾਈ
ਡਿਪਟੀ ਕਮਿਸ਼ਨਰ (ਪੁਲੀਸ) ਜਗਮੋਹਨ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਕਮਿਸ਼ਨਰੇਟ ਪੁਲੀਸ ਦੇ ਅਧਿਕਾਰ ਖੇਤਰ ਵਿੱਚ ਸਾਰੇ ਰੈਸਤਰਾਂ, ਕਲੱਬ, ਬਾਰ, ਪੱਬ ਅਤੇ ਅਜਿਹੀਆਂ ਹੋਰ ਖਾਣ-ਪੀਣ ਵਾਲੀਆਂ ਥਾਵਾਂ ਵਿੱਚ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਆਦਿ ਦਾ ਆਰਡਰ ਨਹੀਂ ਲਿਆ ਜਾਵੇਗਾ ਅਤੇ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਤਰਾਂ, ਕਲੱਬ, ਬਾਰ, ਪੱਬ ਆਦਿ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਰੈਸਤਰਾਂ, ਕਲੱਬ, ਬਾਰ ਅਤੇ ਪੱਬ ਜਾਂ ਹੋਰ ਅਜਿਹੀਆਂ ਖਾਣ-ਪੀਣ ਵਾਲੀਆਂ ਥਾਵਾਂ (ਸਿਵਾਏ ਅਹਾਤਾ) ਜਿਨ੍ਹਾਂ ਕੋਲ ਲਾਇਸੈਂਸ ਹਨ, ਅੱਧੀ ਰਾਤ 12 ਵਜੇ ਮੁਕੰਮਲ ਤੌਰ ’ਤੇ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਜੇਕਰ ਸ਼ਰਾਬ ਦੀ ਦੁਕਾਨ ਦੇ ਨਾਲ ਕੋਈ ਅਹਾਤਾ ਲੱਗਦਾ ਹੈ ਤਾਂ ਇਹ ਵੀ ਲਾਇਸੈਂਸ ਵਿੱਚ ਦਰਜ ਸ਼ਰਤਾਂ ਅਨੁਸਾਰ ਰਾਤ 11 ਵਜੇ ਮੁਕੰਮਲ ਬੰਦ ਹੋ ਜਾਣੇ ਚਾਹੀਦੇ ਹਨ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸ਼ੌਰ ਦਾ ਪੱਧਰ 10 ਡੀਬੀ (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਲਈ ਸਾਰੀਆਂ ਸੰਸਥਾਵਾਂ ਨੂੰ ਇਸ ਮਾਪਦੰਡ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਡੀਜੇ, ਲਾਈਵ ਆਰਕੈਸਟਰਾ ਸਮਾਗਮ ਰਾਤ 10 ਵਜੇ ਤੋਂ ਬਾਅਦ ਬੰਦ ਹੋ ਜਾਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਅਵਾਜ਼ ਘੱਟ ਹੋ ਜਾਣੀ ਚਾਹੀਦੀ ਹੈ। ਵਾਹਨਾਂ ਵਿੱਚ ਮਿਊਜ਼ਿਕ ਸਿਸਟਮ ਦੀ ਆਵਾਜ਼ ਵਾਹਨ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਇਹ ਹੁਕਮ 19 ਸਤੰਬਰ ਤੱਕ ਲਾਗੂ ਰਹਿਣਗੇ।