ਹਤਿੰਦਰ ਮਹਿਤਾ
ਜਲੰਧਰ, 18 ਨਵੰਬਰ
ਜਲੰਧਰ ਦੇ ਪਠਾਨਕੋਟ ਚੌਕ ਨੇੜੇ ਸਥਿਤ ਹੋਟਲ ਰਣਵੀਰ ਕਲਾਸਿਕ ਦੇ ਕੋਲ ਸੋਮਵਾਰ ਨੂੰ ਇਕ ਟਰੱਕ ਦੇ ਕਰ ਉਤੇ ਉਲਟ ਜਾਣ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਇਕ ਬੱਚਾ ਵੀ ਸ਼ਾਮਲ ਹੈ। ਹਾਦਸੇ ਵਿਚ ਦੋ ਜਣੇ ਗੰਭੀਰ ਜ਼ਖ਼ਮੀ ਹੋਏ ਹਨ।
ਪੁਲੀਸ ਵੱਲੋਂ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਗੱਡੀ ਤਬਾਹ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ਕੱਟ ਕੇ ਬਾਹਰ ਕੱਢਿਆ ਗਿਆ। ਥਾਣਾ ਡਿਵੀਜ਼ਨ ਨੰਬਰ 8 ਅਤੇ ਐਸਐਸਐਫ ਦੀ ਟੀਮ ਜਾਂਚ ਲਈ ਘਟਨਾ ਸਥਾਨ ’ਤੇ ਪਹੁੰਚ ਗਈ ਸੀ। ਹਾਦਸੇ ਦਾ ਸ਼ਿਕਾਰ ਹੋਇਆ ਸਾਰਾ ਪਰਿਵਾਰ ਲੁਧਿਆਣਾ ਵੱਲ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਦੋ ਕਾਰਾਂ ਅਤੇ ਇੱਕ ਟਰੱਕ ਵਿਚਕਾਰ ਵਾਪਰਿਆ। ਦੋਸ਼ੀ ਟਰੱਕ ਡਰਾਈਵਰ ਮੌਕੇ ’ਤੇ ਆਪਣਾ ਟਰੱਕ ਛੱਡ ਕੇ ਫਰਾਰ ਹੋ ਗਿਆ। ਸਾਰੇ ਵਾਹਨ ਅੰਮ੍ਰਿਤਸਰ ਤੋਂ ਆ ਰਹੇ ਸਨ। ਟੱਕਰ ਤੋਂ ਬਾਅਦ ਟਰੱਕ ਦੂਜੀ ਲੇਨ ’ਚ ਜਾ ਕੇ ਪਲਟ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਕਿਸੇ ਤਰ੍ਹਾਂ ਸਾਰਿਆਂ ਨੂੰ ਕਾਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਕਾਰ ਨੂੰ ਕੱਟ ਕੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ:
Road Accident: ਧੁੰਦ ਕਾਰਨ ਵਾਪਰੇ ਹਾਦਸੇ ’ਚ ਕਾਲਜ ਵਿਦਿਆਰਥਣ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ
ਘਟਨਾ ਵਾਲੀ ਥਾਂ ’ਤੇ ਪਹੁੰਚੇ ਏਐੱਸਆਈ ਸਤਪਾਲ ਨੇ ਦੱਸਿਆ ਕਿ ਜ਼ਖ਼ਮੀ ਬੱਚੇ ਅਤੇ ਔਰਤ ਨੂੰ ਸੁਰੱਖਿਅਤ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ, ਜਿਥੇ ਬੱਚੇ ਨੇ ਵੀ ਬਾਅਦ ਵਿਚ ਦਮ ਤੋੜ ਦਿੱਤਾ। ਪੁਲੀਸ ਮੁਤਾਬਕ ਕਾਰ ’ਚ ਕਰੀਬ 6 ਤੋਂ 7 ਲੋਕ ਸਵਾਰ ਸਨ। ਦੱਸ ਦਈਏ ਕਿ ਪੁਲੀਸ ਵੱਲੋਂ ਜ਼ਖ਼ਮੀਆਂ ਨੂੰ ਹਾਈਵੇਅ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਆਪਣੇ ਪਰਿਵਾਰ ਨਾਲ ਆਪਣੀ ਬਿਮਾਰ ਮਾਤਾ ਦਾ ਪਤਾ ਲੈਣ ਲਈ ਡੀਐੱਮਸੀ ਹਸਪਤਾਲ ਲੁਧਿਆਣਾ ਜਾ ਰਹੇ ਸਨ ਪਰ ਰਾਹ ਵਿਚ ਇਹ ਹਾਦਸਾ ਵਾਪਰ ਗਿਆ ਅਤੇ ਝੋਨੇ ਨਾਲ ਭਰਿਆ ਟਰੱਕ ਕਾਰ ’ਤੇ ਪਲਟ ਗਿਆ।