ਪਾਲ ਸਿੰਘ ਨੌਲੀ
ਜਲੰਧਰ,6 ਮਾਰਚ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਅਜੋਕੇ ਰਾਜਸੀ ਹਾਲਾਤ ਬਾਰੇ ਪਾਰਟੀ ਦੀ ਨੀਤੀ ਦੀ ਵਿਆਖਿਆ ਕੀਤੀ। ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਜੱਥੇਬੰਦਕ ਯੋਜਨਾਬੰਦੀ ਦਾ ਖਾਕਾ ਪੇਸ਼ ਕੀਤਾ। ਮੀਟਿੰਗ ’ਚ ਚਰਚਾ ਕੀਤੀ ਗਈ ਕਿ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ’ਚੋਂ ਪੰਜਾਬ ਦੀ ਪੱਕੀ ਮੈਂਬਰੀ ਖ਼ਤਮ ਕਰਕੇ ਇਸ ਦੀ ਸੁਰੱਖਿਆ ਦਾ ਜਿੰਮਾ ਸੀਆਈਐੱਸਐਫ ਹਵਾਲੇ ਕਰਨ ਦਾ ਮੋਦੀ ਸਰਕਾਰ ਦਾ ਫੈਸਲਾ, ਭਾਰਤ ਦੇ ਜਮਹੂਰੀ ਤੇ ਫੈਡਰਲ ਢਾਂਚੇ ਨੂੰ ਤਬਾਹ ਕਰ ਦੇਵੇਗਾ। ਕੇਂਦਰ ਦੇ ਇਸ ਫੈਸਲੇ ਨੂੰ ਆਰਐੱਸਐੱਸ ਦੀ ਸਾਜਿਸ਼ ਦਾ ਨਤੀਜਾ ਦੱਸਿਆ ਤੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਬਣਾਉਣੇ, ਜੀਐਸਟੀ ਲਾਗੂ ਕਰਨੀ , ਨਵੀਂ ਸਿੱਖਿਆ ਨੀਤੀ ਘੜਣੀ ਤੇ ਬਿਜਲੀ ਸੋਧ ਬਿੱਲ ਪੇਸ਼ ਕਰਨਾ ਆਦਿ ਇਸੇ ਸਾਜਿਸ਼ ਦੀਆਂ ਕੜੀਆਂ ਹਨ। ਮੀਟਿੰਗ ਨੇ ਰੂਸ-ਯੂਕਰੇਨ ਦਰਮਿਆਨ ਛਿੜੀ ਜੰਗ ਫੌਰੀ ਰੋਕੇ ਜਾਣ ਦੀ ਮੰਗ ਕਰਦਿਆਂ ਰਾਇ ਪ੍ਰਗਟਾਈ ਕਿ ਸਾਮਰਾਜੀ ਦੇਸ਼ ਤੇ ਨਾਟੋ ਫੌਜਾਂ ਜੰਗਬੰਦੀ ਦੇ ਯਤਨਾਂ ’ਚ ਅੜਿੱਕੇ ਡਾਹ ਰਹੇ ਹਨ ਤੇ ਭਾਰਤ ਸਣੇ ਸੰਸਾਰ ਭਰ ਦਾ ਸਾਮਰਾਜ ਪ੍ਰਸਤ ਮੀਡੀਆ ਝੂਠੇ, ਇੱਕ ਪਾਸੜ ਪ੍ਰਚਾਰ ਰਾਹੀਂ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਿਹਾ ਹੈ। ਮੀਟਿੰਗ ਨੇ ਜੈਵਿਕ ਹਮਲਿਆਂ ਦੇ ਖਤਰਨਾਕ ਇਰਾਦਿਆਂ ਤਹਿਤ, ਨਾਟੋ ਵੱਲੋਂ ਰੂਸ-ਯੂਕਰੇਨ ਹੱਦ ’ਤੇ, ਯੂਕਰੇਨ ’ਚ ਰਸਾਇਣਕ ਪ੍ਰਯੋਗ ਸ਼ਾਲਾਵਾਂ ਕਾਇਮ ਕਰਨ ਦੀਆਂ ਖਬਰਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਵਿਸ਼ਵ ਭਾਈਚਾਰੇ ਨੂੰ ਨਾਟੋ ਸਮੇਤ ਸਾਰੇ ਫੌਜੀ ਗੱਠਜੋੜ ਭੰਗ ਕਰਨ ਦੀ ਮੰਗ ਉਠਾਉਣੀ ਚਾਹੀਦੀ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਸ਼ੁਰੂ ’ਚ ਦਿਖਾਈ ਲਾਪ੍ਰਵਾਹੀ ਦਾ ਤਿਆਗ ਕਰੇ ਤੇ ਯੂਕਰੇਨ ’ਚ ਫਸੇ ਪਾੜ੍ਹਿਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਹੰਗਾਮੀ ਕਦਮ ਚੁੱਕੇ ਜਾਣ। ਸੂਬਾਈ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਪਾਰਟੀ ਦੀ 21 ਤੋਂ 23 ਮਾਰਚ ਤੱਕ ਜਲੰਧਰ ’ਚ ਹੋਣ ਵਾਲੀ ਕੇਂਦਰੀ ਕਮੇਟੀ ਦੀ ਮੀਟਿੰਗ ਦੇ ਅੰਤਲੇ ਦਿਨ, 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੂਬਾਈ ਸਮਾਗਮ ਦੇਸ਼ ਭਗਤ ਯਾਦਗਾਰ ਜਲੰਧਰ ’ਚ ਕੀਤਾ ਜਾਵੇਗਾ।