ਪਾਲ ਸਿੰਘ ਨੌਲੀ
ਜਲੰਧਰ, 18 ਦਸੰਬਰ
ਕੇਐੱਮਵੀ ਕਾਲਜ ਵਿਚ ‘ਪੰਜਾਬ ਪੁਲੀਸ ਮਹਿਲਾ ਮਿੱਤਰ ਪ੍ਰਾਜੈਕਟ’ ਨੂੰ ਸਮਰਪਿਤ ਪਹਿਲੀ ‘ਸਾਂਝ’ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਬੀਐੱਸਐੱਫ ਫਰੰਟੀਅਰ ਜਲੰਧਰ ਦੀ ਮੁਖੀ ਆਈਜੀ ਸੋਨਾਲੀ ਮਿਸ਼ਰਾ ਅਤੇ ਆਈਜੀ ਪੰਜਾਬ ਪੁਲੀਸ ਗੁਰਪ੍ਰੀਤ ਦਿਓ ਨੇ ਸ਼ਿਰਕਤ ਕੀਤੀ। ਇਨ੍ਹਾਂ ਦੋਵਾਂ ਮਹਿਲਾ ਅਫਸਰਾਂ ਨੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਉਨ੍ਹਾਂ ਨੂੰ ਬੇਬਾਕੀ ਨਾਲ ਆਪਣੀ ਗੱਲ ਰੱਖਣ ਲਈ ਉਤਸ਼ਾਹਤ ਵੀ ਕੀਤਾ।
ਸੋਨਾਲੀ ਮਿਸ਼ਰਾ ਨੇ ਕਿਹਾ ਕਿ ਸਮਾਜ ਵਿਚ ਔਰਤਾਂ ਵੱਲੋਂ ਨਿਭਾਈਆਂ ਜਾਂਦੀਆਂ ਵੱਖੋ ਵੱਖਰੀਆਂ ਭੂਮਿਕਾਵਾਂ ਸਮਾਜ ਦੇ ਆਰਥਿਕ ਤੇ ਸਮਾਜਿਕ ਢਾਂਚੇ ਵਿਚ ਬੇਹੱਦ ਮਹੱਤਵਪੂਰਨ ਥਾਂ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੰਜਾਬ ਪੁਲੀਸ ਮਹਿਲਾ ਮਿੱਤਰ ਮੁਹਿੰਮ ਸ਼ਾਲਘਾਯੋਗ ਹੈ।
ਉਨ੍ਹਾਂ ਨੇ ਇਸ ਮੌਕੇ ਪੰਜਾਬ ਪੁਲੀਸ ਵਿਚ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਨਿਭਾਈਆਂ ਜਾਂਦੀਆਂ ਚੁਣੌਤੀ ਭਰਪੂਰ ਡਿਊਟੀਆਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਬਹਾਦਰ ਔਰਤਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਪੰਜਾਬ ਪੁਲੀਸ ਦੀ ਪਹਿਲੀ ਮਹਿਲਾ ਆਈਪੀਐੱਸ ਗੁਰਪ੍ਰੀਤ ਦਿਓ ਨੇ ਇਸ ਮੌਕੇ ਪੰਜਾਬ ਪੁਲੀਸ ਦੇ ਵੁਮੈਨ ਵਿੰਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਅਤਿਮਾ ਸ਼ਰਮਾ ਦਿਵੇਦੀ ਅਤੇ ਪੰਜਾਬ ਪੁਲੀਸ ਦੇ ਕਮਿਸ਼ਨਰ ਨੌਨਿਹਾਲ ਸਿੰਘ ਤੇ ਐੱਸਐੱਸਪੀ ਦਿਹਾਤੀ ਸਤਿੰਦਰ ਸਿੰਘ ਸਮੇਤ ਹੋਰ ਅਫਸਰ ਵੀ ਹਾਜ਼ਰ ਸਨ।