ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਸਤੰਬਰ
ਆਕਸੀਜਨ ਉਤਪਾਦਨ ਦੇ ਮਾਮਲੇ ਵਿੱਚ ਜਲੰਧਰ ਨੂੰ ਆਤਮ ਨਿਰਭਰ ਜ਼ਿਲ੍ਹਾ ਬਣਾਉਣ ਲਈ ਪ੍ਰਸ਼ਾਸਨ ਦੀ ਅਪੀਲ ਮੰਨਦਿਆਂ ਇੱਕ ਹੋਰ ਓ2 ਪਲਾਂਟ ਗੁਲਾਬ ਦੇਵੀ ਚੈਰੀਟੇਬਲ ਹਸਪਤਾਲ ਵਿੱਚ ਸਥਾਪਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਮੁੱਚੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਵੱਧ ਤੋਂ ਵੱਧ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰ ਕੇ ਜ਼ਿਲ੍ਹੇ ਨੂੰ ਆਕਸੀਜਨ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਉਣ ਲਈ ਇੱਕ ਵਿਸ਼ਾਲ ਮੁਹਿੰਮ ਚਲਾਈ ਗਈ, ਜਿਸ ਦੇ ਸਿੱਟੇ ਵਜੋਂ ਸਰਕਾਰੀ ਹਸਪਤਾਲਾਂ ਸਮੇਤ ਵੱਡੀ ਗਿਣਤੀ ਵਿੱਚ ਹਸਪਤਾਲਾਂ ਵੱਲੋਂ ਆਪਣੇ ਓ 2 ਪਲਾਂਟ ਸਥਾਪਤ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਇਸ ਜੀਵਨ ਰੱਖਿਅਕ ਗੈਸ ਦੀ ਘਾਟ ਦੌਰਾਨ ਕਿਸੇ ਕਿਸਮ ਦੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਗੁਲਾਬ ਦੇਵੀ ਹਸਪਤਾਲ ਦੇ ਪ੍ਰਬੰਧਨ ਵੱਲੋਂ ਪ੍ਰਸ਼ਾਸਨ ਦੀ ਅਪੀਲ ਨੂੰ ਮੰਨਦਿਆਂ ਕੋਵਿਡ -19 ਦੇਖਭਾਲ ਸਹੂਲਤ ਲਈ ਆਪਣਾ ਪਲਾਂਟ ਸਥਾਪਤ ਕਰਨ ਦੀ ਸ਼ਲਾਘਾ ਕਰਦਿਆਂ ਬਾਕੀ ਸਿਹਤ ਸੰਭਾਲ ਸੰਸਥਾਵਾਂ ਨੂੰ ਵੀ ਆਪਣੇ ਹਸਪਤਾਲਾਂ ਵਿੱਚ ਅਜਿਹੇ ਪਲਾਂਟ ਸਥਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਦਕਾ ਪੀਕ ਪੀਰੀਅਡ ਦੌਰਾਨ ਨਾ ਸਿਰਫ ਆਕਸੀਜਨ ਦੀ ਮੰਗ ਘਟੇਗੀ ਸਗੋਂ ਆਕਸੀਜਨ ਉਤਪਾਦਨ ਦੇ ਮਾਮਲੇ ਵਿੱਚ ਜਲੰਧਰ ਆਤਮ ਨਿਰਭਰ ਜ਼ਿਲ੍ਹਾ ਵੀ ਬਣੇਗਾ।