ਹਤਿੰਦਰ ਮਹਿਤਾ
ਜਲੰਧਰ, 6 ਨਵੰਬਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਹਰਿਆਣਾ ਦੇ ਪਿੰਡ ਹੋਦ ਚਿੱਲੜ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 2 ਨਵੰਬਰ 1984 ਵਿੱਚ ਹੋਏ ਕਤਲੇਆਮ ਦੌਰਾਨ ਇੱਥੇ ਸ਼ਹੀਦ ਹੋਏ 32 ਸਿੱਖ ਪਰਿਵਾਰਾਂ ਦੀ ਯਾਦਗਾਰ ਬਣਾਈ ਜਾਵੇਗੀ।
ਇਸ ਪਿੰਡ ਵਿੱਚ 2 ਨਵੰਬਰ 1984 ਨੂੰ 32 ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ। ਇਸ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ 12 ਮੈਂਬਰ ਗੁਆ ਚੁੱਕੀ ਬਿਰਧ ਅੱਜ ਵੀ ਆਪਣਿਆਂ ਦੇ ਸਦੀਵੀ ਵਿਛੋੜੇ ਦਾ ਦੁੱਖ ਆਪਣੇ ਦਿਲ ਵਿੱਚ ਦੱਬੀ ਬੈਠੀ ਹੈ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਮੌਕੇ ’ਤੇ ਹੀ ਰੇਵਾੜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਮੀਨਾ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਦਾਇਤ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ 2 ਨਵੰਬਰ 1984 ਨੂੰ ਸਿੱਖ ਪਰਿਵਾਰਾਂ ’ਤੇ ਕੀਤੇ ਹਮਲੇ ਦੌਰਾਨ ਗੁਰਦੁਆਰੇ ਨੂੰ ਵੀ ਅੱਗ ਲਾ ਦਿੱਤੀ ਗਈ ਸੀ।
ਇਸ ਦਾ ਤਿੰਨ ਲੱਖ ਦੇ ਕਰੀਬ ਮੁਆਵਜ਼ਾ ਵੀ ਮਨਜ਼ੂਰ ਹੋਇਆ ਸੀ ਪਰ ਉਹ ਕਿਸੇ ਕਾਰਨ ਮਿਲ ਨਹੀਂ ਸਕਿਆ। ਇਸ ਮੌਕੇ ਉਨ੍ਹਾਂ ਤੇ ਪੀੜਤ ਪਰਿਵਾਰਾਂ ਨੇ ਇਸ ਦੁਖਾਂਤ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਿੱਖਾਂ ਦੀ ਯਾਦ ਵਿੱਚ ਬੂਟੇ ਲਾਏ। ਇਸ ਮੌਕੇ ਉੱਜੜ ਚੁੱਕੀ ਇਸ ਥਾਂ ਦੀ ਸਮੇਂ-ਸਮੇਂ ’ਤੇ ਦੇਖਭਾਲ ਕਰਨ ਵਾਲੇ ਦਰਸ਼ਨ ਸਿੰਘ ਘੋਲੀਆ, ਪਿੰਡ ਦੇ ਸਰਪੰਚ ਰਵੀ ਕੁਮਾਰ, ਲੇਖ ਰਾਮ ਸਮੇਤ ਹੋਰ ਵੀ ਹਾਜ਼ਰ ਸਨ।