ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਦਸੰਬਰ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਡੀਸੀ ਦਫਤਰ ਦੇ ਬਾਹਰ ਪੁੱਡਾ ਗਰਾਉੂਂਡ ਵਿੱਚ ਅਧਿਆਪਕਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਿਆ। ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਨੇ ਦੱਸਿਆ ਕਿ ਸੰਗਰੂਰ ਪ੍ਰਸ਼ਾਸਨ ਵੱਲੋਂ 12 ਦਸੰਬਰ ਦੀ ਰੈਲੀ ਮੌਕੇ ਲਿਖਤੀ ਪੱਤਰ ਦੇ ਕੇ ਯੂਨੀਅਨ ਨੂੰ 15 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਗੱਲਬਾਤ ਦਾ ਸਮਾਂ ਦਿੱਤਾ ਸੀ ਤਾਂ ਕਿ ਗਰੀਬ ਬੱਚਿਆਂ ਤੋਂ ਲਈ ਜਾ ਰਹੀ ਭਾਰੀ ਪ੍ਰੀਖਿਆ ਫੀਸ ਮੁਆਫ ਕਰਵਾਉਣ ਅਤੇ ਅਧਿਆਪਕ ਮੰਗਾਂ ’ਤੇ ਗੱਲਬਾਤ ਹੋ ਸਕੇ। ਉਨ੍ਹਾਂ ਕਿਹਾ ਕਿ ਦਿੱਤੇ ਲਿਖਤੀ ਸਮੇਂ ਅਨੁਸਾਰ ਜਦੋਂ ਯੂਨੀਅਨ ਦਾ ਵਫਦ ਚੰਡੀਗੜ੍ਹ ਸਿਵਲ ਸਕੱਤਰੇਤ ਵਿਖੇ ਗੱਲਬਾਤ ਲਈ ਪਹੁੰਚਿਆ ਤਾਂ ਅੱਗੋਂ ਅਧਿਕਾਰੀਆਂ ਨੇ ਕਿਹਾ ਕਿ ਮੰਤਰੀ ਇੱਥੇ ਨਹੀਂ ਹਨ, ਅਗਲਾ ਸਮਾਂ ਦੇ ਦਿੱਤਾ ਜਾਵੇਗਾ। ਪਰ ਸਿੱਖਿਆ ਮੰਤਰੀ ਵੱਲੋਂ ਕੋਈ ਤਵੱਜੋ ਨਾ ਦੇਣ ਕਾਰਨ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਵੱਖ ਵੱਖ ਥਾਵਾਂ ’ਤੇ 21 ਤੋਂ 23 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਜਤਾਇਆ ਜਾਵੇਗਾ।
ਇਸ ਮੌਕੇ ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਅਧਿਆਪਕ ਆਗੂਆਂ ਨੇ ਕਿਹਾ ਕਿ ਕਿਸਾਨ ਸੰਗਰਸ਼ ਨੂੰ ਸਮਰਥਨ ਲਗਾਤਾਰ ਜਾਰੀ ਰਹੇਗਾ। ਸਿੱਖਿਆ ਮੰਤਰੀ ਦੀ ਅਰਥੀ ਫੂਕਣ ਵੇਲੇ ਹਰਕਮਲ ਸਿੰਘ ਸੰਧੂ, ਕਮਲਜੀਤ ਸਿੰਘ ਬਜੂਹਾ, ਜਸਪਾਲ ਸੰਧੂ, ਸਾਥੀ ਵੇਦ ਪ੍ਰਕਾਸ਼, ਨਰੇਸ਼ ਕੁਮਾਰ, ਸੁਭਾਸ਼ ਮੱਟੂ, ਰਾਮ ਸਰੂਪ, ਪਿਆਰਾ ਸਿੰਘ, ਜਗਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ, ਬਲਵਿੰਦਰ ਕੁਮਾਰ, ਮੰਗਤ ਸਿੰਘ, ਗੁਰਦਿਆਲ ਕੌਰ, ਬਲਵਿੰਦਰ ਕੌਰ, ਨਰਿੰਦਰ ਸਿੰਘ ਸੰਘਾ, ਕ੍ਰਿਸ਼ਨ ਲੋਹਟ, ਮੱਖਣ ਸਿੰਘ , ਕ੍ਰਿਸ਼ਨ ਕੁਮਾਰ ਅਤੇ ਹੋਰ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ।