ਪੱਤਰ ਪ੍ਰੇਰਕ
ਜਲੰਧਰ, 17 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਦਿਲਕਸ਼ ਪਹਿਲਕਦਮੀ ਤਹਿਤ ਗਰੀਬਾਂ ਨੂੰ 13 ਰੁਪਏ ਦੇ ਹਿਸਾਬ ਨਾਲ ਕੱਪੜੇ, ਭਾਂਡੇ ਸਮੇਤ ਹੋਰ ਘਰੇਲੂ ਸਮਾਨ ਵੇਚਣ ਵਾਲੀ ਇੱਕ ਚੈਰਿਟੀ ਦੁਕਾਨ ਤੇਰਾ ਤੇਰਾ ਹੱਟੀ ਨੇ ਇੱਕ ਅਨੋਖੇ ਲੰਗਰ ਲਗਾਇਆ, ਜਿਸ ਵਿੱਚ ਦਸਤਾਰਾਂ, ਪਟਕੇ ਵੰਡੇ ਗਏ। 14, 15 ਅਤੇ 16 ਨਵੰਬਰ ਨੂੰ ਲਗਾਏ ਇਸ ਲੰਗਰ ਨੂੰ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਖਾਲਸਾ ਸਕੂਲ ਅਤੇ ਸ਼ਹਿਰ ਭਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਪਰਿਵਾਰਾਂ ਨੂੰ 21,000 ਪਟਕੇ, 1,200 ਦਸਤਾਰਾਂ ਅਤੇ ਕੱਪੜਿਆਂ ਦੀਆਂ ਵਸਤਾਂ ਮੁਫ਼ਤ ਦਿੱਤੀਆਂ ਗਈਆਂ। ਇਸ ਪਹਿਲਕਦਮੀ ਦਾ ਉਦੇਸ਼ ਗੁਰੂ ਨਾਨਕ ਦੇਵ ਦੀਆਂ ਨਿਰਸਵਾਰਥ ਸੇਵਾ, ਸਮਾਨਤਾ ਦੀਆਂ ਸਿੱਖਿਆਵਾਂ ਨੂੰ ਫੈਲਾਉਣਾ ਹੈ। ਇਸ ਮੌਕੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਸੇਵਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਗੁਰਦੀਪ ਸਿੰਘ ਕਾਰਵਾਂ, ਜਸਵਿੰਦਰ ਸਿੰਘ ਪਨੇਸਰ, ਪਰਵਿੰਦਰ ਸਿੰਘ ਖਾਲਸਾ, ਅਮਰਪ੍ਰੀਤ ਸਿੰਘ ਅਤੇ ਮਨਦੀਪ ਕੌਰ ਹਾਜ਼ਰ ਸਨ। ਤਰਵਿੰਦਰ ਸਿੰਘ ਰਿੰਕੂ ਨੇ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ।