ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੂਨ
ਬਹੁਜਨ ਸਮਾਜ ਪਾਰਟੀ ਦੇ ਹਲਕਾ ਜਲੰਧਰ ਪੱਛਮੀ ਤੋਂ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਬਹੁਤ ਮਾੜੇ ਹਾਲਾਤ ਤੱਕ ਪਹੁੰਚਾਇਆ ਹੈ। ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਬਿਮਾਰੀਆਂ ਤੋਂ ਪੀੜਤਾਂ ਦੇ ਇਲਾਜ ਲਈ ਚੰਗਾ ਪ੍ਰਬੰਧ ਨਹੀਂ ਹੈ। ਜਲੰਧਰ ਪੱਛਮੀ ਹਲਕੇ ਵਿੱਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਵੀ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ।
ਬਿੰਦਰ ਲਾਖਾ ਨੇ ਕਿਹਾ ਕਿ ਇਲਾਕੇ ਵਿੱਚ ਗੁੰਡਾਗਰਦੀ ਬਹੁਤ ਵਧੀ ਹੋਈ ਹੈ। ਹਲਕੇ ਦੇ ਲੋਕ ਮੁੱਖ ਤੌਰ ’ਤੇ ਕਾਂਗਰਸ ਤੇ ਭਾਜਪਾ ਨੂੰ ਬਦਲ-ਬਦਲ ਕੇ ਚੁਣ ਦੇ ਆਏ ਹਨ ਤੇ 2022 ਵਿੱਚ ‘ਆਪ’ ਉਮੀਦਵਾਰ ਨੂੰ ਚੁਣਿਆ ਸੀ, ਜੋ ਕਿ ਹੁਣ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਹੀ ਸੂਬੇ ਵਿੱਚ ਸਰਕਾਰਾਂ ਰਹੀਆਂ ਹਨ। ਇਸ ਦੇ ਬਾਵਜੂਦ ਲੋਕਾਂ ਦੇ ਹਾਲਾਤ ਲਗਾਤਾਰ ਮਾੜੇ ਹੁੰਦੇ ਗਏ, ਕਿਉਂਕਿ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਲੋਕਾਂ, ਖ਼ਾਸ ਕਰਕੇ ਦਲਿਤਾਂ, ਪੱਛੜੇ ਵਰਗਾਂ ਤੇ ਆਮ ਲੋਕਾਂ ਖਿਲਾਫ ਗ਼ਲਤ ਨੀਤੀਆਂ ਬਣਾ ਕੇ ਵਿਰੋਧ ਵਿੱਚ ਕੰਮ ਕੀਤਾ ਗਿਆ। ਬਿੰਦਰ ਲਾਖਾ ਨੇ ਕਿਹਾ ਕਿ ਹਰ ਸਰਕਾਰ ਵਿੱਚ ਨਸ਼ੇ ਨੂੰ ਹੱਲਾਸ਼ੇਰੀ ਦਿੱਤੀ ਗਈ। ਲੋਕਾਂ ਨੂੰ ਕੰਮ ਨਾ ਦੇ ਕੇ ਉਨ੍ਹਾਂ ਨੂੰ ਗਰੀਬ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਇਲਾਜ ਲਗਾਤਾਰ ਮਹਿੰਗਾ ਕਰਕੇ ਉਨ੍ਹਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਬਸਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਆਗੂ ਪਰਮਜੀਤ ਮੱਲ, ਜਗਦੀਸ਼ ਦੀਸ਼ਾ, ਦਵਿੰਦਰ ਗੋਗਾ ਤੇ ਅਸ਼ੋਕ ਗੋਖਾ ਵੀ ਮੌਜੂਦ ਸਨ।