ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਫਰਵਰੀ
ਇਥੇ ਬਸਤੀ ਅੱਡੇ ’ਤੇ ਸਥਿਤ ਇਕ ਥੋਕ ਦੀ ਕਰਿਆਨੇ ਦੀ ਦੁਕਾਨ ’ਤੇ ਅੱਜ ਤੜਕੇ ਭਿਆਨਕ ਅੱਗ ਲੱਗ ਲੱਗਣ ਨਾਲ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਬਸਤੀ ਅੱਡੇ ’ਤੇ ਸਥਿਤ ਮਹਾਜਨ ਕਰਿਆਨਾ ਸਟੋਰ, ਜੋ ਕਿ ਥੋਕ ਦੀ ਦੁਕਾਨ ਹੈ, ’ਤੇ ਅੱਜ ਤੜਕੇ ਪੌਣੇ ਪੰਜ ਵਜੇ ਦੇ ਕਰੀਬ ਅੱਗ ਲੱਗ ਗਈ। ਦੁਕਾਨ ਦੇ ਨਾਲ ਲੱਗਦੇ ਗੁਆਂਢੀਆਂ ਨੇ ਅੱਗ ਦੀ ਸੂਚਨਾ ਦੁਕਾਨ ਦੇ ਮਾਲਕ ਰਜਿੰਦਰ ਕੁਮਾਰ ਮਹਾਜਨ ਨੂੰ ਦਿੱਤੀ ਜਿਸ ’ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦਾ ਦਫ਼ਤਰ ਲਾਗੇ ਹੋਣ ਕਾਰਨ ਤੁਰੰਤ ਹੀ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਅਫਸਰ ਨਰੇਸ਼ ਕੁਮਾਰ ਦੀ ਟੀਮ ਨੇ ਦੁਕਾਨ ਦਾ ਸ਼ਟਰ ਭੰਨ ਕੇ ਅੱਗ ਬੁਝਾਉਣੀ ਸ਼ੁਰੂ ਕੀਤੀ। ਫਾਇਰ ਬ੍ਰਿਗੇਡ ਦੀਆਂ ਤਕਰੀਬਨ ਦਸ ਗੱਡੀਆਂ ਨੇ ਮੁਸ਼ੱਕਤ ਤੋਂ ਬਾਅਦ ਦੋ ਘੰਟੇ ਵਿਚ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।