ਹਤਿੰਦਰ ਮਹਿਤਾ
ਜਲੰਧਰ, 3 ਜੁਲਾਈ
ਇਥੇ ਅੱਜ ਤਾਪਮਾਨ 43 ਡਿਗਰੀ ਹੋਣ ਕਾਰਨ ਗਰਮੀ ਕਾਫੀ ਵੱਧ ਗਈ ਤੇ ਹਵਾ ਨਾ ਚੱਲਣ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਅੱਜ ਸਵੇਰ ਤੋਂ ਹੀ ਹੁੰਮਸ ਵਾਲਾ ਮੌਸਮ ਹੋਣ ਕਾਰਨ ਕਾਫੀ ਗਰਮੀ ਸੀ ਤੇ ਇਸ ਤਰ੍ਹਾਂ ਦਾ ਮੌਸਮ ਪਿਛਲੇ ਦਿਨਾਂ ਤੋਂ ਚੱਲਿਆ ਆ ਰਿਹਾ ਹੈ।
ਮੀਂਹ ਪੈਣ ਤੋਂ ਬਾਅਦ ਹੁੰਮਸ ਜ਼ਿਆਦਾ ਹੋਣ ਕਾਰਨ ਲੋਕਾਂ ਦੇ ਘਰਾਂ ਵਿਚ ਲੱਗੇ ਪੱਖੇ ਅਤੇ ਕੂਲਰ ਵੀ ਜਵਾਬ ਦੇਣ ਲੱਗ ਪਏ ਹਨ। ਲੋਕ ਗਰਮੀ ਤੋਂ ਨਿਜਾਤ ਪਾਉਣ ਲਈ ਵੱਖ ਵੱਖ ਤਰ੍ਹਾਂ ਦੇ ਢੰਗ ਅਪਣਾ ਰਹੇ ਹਨ। ਸਰਕਾਰ ਵਲੋਂ ਨਹਿਰ ਵਿਚ ਨਹਾਉਣ ਦੀ ਲਗਾਈ ਰੋਕ ਦੇ ਬਾਵਜੂਦ ਪਿੰਡਾਂ ਅਤੇ ਇਥੋਂ ਦੇ ਡੀਏਵੀ ਕਾਲਜ ਨੇੜਿਉਂੇ ਲੰਘਦੀ ਬਿਸਤ ਦੋਆਬਾ ਨਹਿਰ ਵਿਚ ਬੱਚੇ ਅਤੇ ਨੌਜਵਾਨ ਆਮ ਹੀ ਛਾਲਾਂ ਮਾਰਦੇ ਦਿਖਾਈ ਦਿੱਤੇ। ਜਦੋਂ ਮਨਾਹੀ ਦੇ ਬਾਵਜੂਦ ਲੋਕਾਂ ਨੂੰ ਇਥੇ ਨਹਾਉਂਦੇ ਦੇਖਿਆ ਤਾਂ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਇੱਕ ਬੱਚੇ ਨੇ ਦੱਸਿਆ ਕਿ ਉਸ ਦੇ ਪਿਤਾ ਦਿਹਾੜੀ ਕਰਦੇ ਹਨ ਤੇ ਗਰਮੀ ਬਚਣ ਦਾ ਹੋਰ ਕੋਈ ਸਾਧਨ ਉਨ੍ਹਾਂ ਕੋਲ ਨਹੀਂ। ਗਰਮੀ ਜ਼ਿਆਦਾ ਹੋਣ ਕਾਰਨ ਉਹ ਨਹਿਰ ਵਿਚ ਨਹਾ ਰਹੇ ਹਨ। ਅੱਜ ਹਵਾ ਦੀ ਚਾਲ ਸਿਰਫ 8 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਕਿ ਆਮ ਨਾਲਂੋ ਕਾਫੀ ਘੱਟ ਹੈ। ਗਰਮੀ ਕਾਰਨ ਬਾਜ਼ਾਰਾਂ ’ਚ ਸਵੇਰ ਅਤੇ ਦੁਪਹਿਰ ਸਮੇਂ ਦੀ ਰੌਣਕ ਗਾਇਬ ਸੀ।
ਰੈਣਕ ਬਜਾ਼ਾਰ ਦੇ ਦੁਕਾਨਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਅੱਜ ਕੱਲ ਦੇ ਦਿਨਾਂ ਵਿਚ ਗਰਮੀ ਕਾਰਨ ਦੁਕਾਨਦਾਰੀ ਕਾਫੀ ਘੱਟ ਗਈ ਹੈ ਤੇ ਗਾਹਕ ਹੁਣ ਸ਼ਾਮ 6 ਵਜੇ ਤੋਂ ਬਾਅਦ ਹੀ ਬਾਹਰ ਨਿਕਲਦਾ ਹੈ ਤੇ ਉਹ ਵੀ ਪਹਿਲਾਂ ਦੁਕਾਨ ਵਿਚ ਏਸੀ ਲੱਗਾ ਦੇਖ ਕੇ ਦੁਕਾਨ ਵਿਚ ਆਉਂਦਾ ਹੈ। ਇਸੇ ਤਰ੍ਹਾਂ ਹੀ ਨਕੋਦਰ, ਆਦਮਪੁਰ, ਲਾਂਬੜਾ, ਜੰਡੂਸਿੰਘਾ, ਨੂਰਮਹਿਲ, ਜਡਿਆਲਾ ਅਤੇ ਹੋਰ ਕਸਬਿਆਂ ਵਿਚ ਵੀ ਗਰਮੀ ਕਾਰਨ ਬਜਾ਼ਾਰਾਂ ਵਿਚ ਰੋਣਕ ਦਿਖਾਈ ਨਹੀਂ ਦੇ ਰਹੀ ਸੀ।
ਜਲੰਧਰ ਦੇ ਬੱਸ ਸਟੈਂਡ ਵਿਚ ਵੀ ਚੰਡੀਗੜ੍ਹ, ਦਿੱਲੀ ਜਾਣ ਵਾਲੀਆਂ ਏਸੀ ਬੱਸਾਂ ਦੇ ਕਾਊਂਟਰਾਂ ’ਤੇ ਭੀੜ ਜ਼ਿਆਦਾ ਦੇਖਣ ਨੂੰ ਮਿਲੀ ਤੇ ਆਮ ਬੱਸਾਂ ਵਿਚ ਦੁਪਹਿਰ ਸਮੇਂ ਸਵਾਰੀ ਘੱਟ ਹੀ ਸੀ। ਇਥੋਂ ਦੇ ਮਾਡਲ ਟਾਊਨ ਇਲਾਕੇ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਇੰਨੀ ਗਰਮੀ ’ਚ ਆਪਣੇ ਜ਼ਰੂਰੀ ਕੰਮ ਵੀ ਛੱਡ ਕੇ ਵੀ ਘਰ ਏਸੀ ਵਿੱਚ ਬੈਠਣ ਨੂੰ ਹੀ ਤਰਜੀਹ ਦਿੱਤੀ ਹੈ।