ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਦਸੰਬਰ
ਪੰਜਾਬ ਦੇ ਸਕੂਲ ਅਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਮਜ਼ਬੂਤੀ ਲਈ ਸੰਜੀਦਾ ਅਤੇ ਖੋਜੀ ਪੱਤਰਕਾਰੀ ਸਮੇਂ ਦੀ ਮੁੱਖ ਮੰਗ ਹੈ, ਜਿਸ ਲਈ ਸਾਰੀਆਂ ਧਿਰਾਂ ਨੂੰ ਇਸ ਪਾਸੇ ਸੁਹਿਰਦ ਉਪਰਾਲੇ ਕਰਨੇ ਚਾਹੀਦੇ ਹਨ। ਉਹ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਚ ਕਰਵਾਏ ਗਏ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਵਿੰਦਰ ਜੰਮੂ, ਸਕੱਤਰ ਜੈ ਸਿੰਘ ਛਿੱਬਰ, ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਨੌਲੀ ਤੇ ਹੋਰਾਂ ਪੱਤਰਕਾਰੀ ਲਈ ਕੀਤੇ ਜਾ ਰਹੇ ਕੰਮਾਂ ਲਈ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਉਸਾਰੂ ਕਾਰਜਾਂ ਲਈ ਯੂਨੀਅਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਜਾਂਦੇ ਪੱਤਰਕਾਰੀ ਦੇ ਡਿਪਲੋਮੇ ਵਿੱਚ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਤਿੰਨ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਉੱਘੇ ਬੁੱਧੀਜੀਵੀ ਡਾ. ਪਿਆਰਾ ਲਾਲ ਗਰਗ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ, ਸਤਨਾਮ ਮਾਣਕ, ਲਖਵਿੰਦਰ ਜੌਹਲ, ਸਤਨਾਮ ਚਾਨਾ, ਬਿੰਦੂ ਸਿੰਘ ਤੇ ਡਾ. ਕਮਲੇਸ਼ ਸਿੰਘ ਦੁੱਗਲ ਨੇ ਵੀ ਅਹਿਮ ਵਿਚਾਰ ਪੇਸ਼ ਕੀਤੇ।