ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦਿਹਾਤੀ ਪੁਲੀਸ ਨੇ ਦੋ ਦਿਨ ਪਹਿਲਾਂ ਪਿੰਡ ਤੱਲ੍ਹਣ ਨੇੜੇ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਫੱਟੜ ਕਰਨ ਦੇ ਮਾਮਲੇ ਵਿਚ ਦੋ ਗਰੋਹਾਂ ਦੇ ਚਾਰ ਮੁਲਜ਼ਮਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਲੰਘੀ 16 ਅਪਰੈਲ ਨੂੰ ਭਵਨੇਸ਼ਵਰ ਕੁਮਾਰ ਨਾਂ ਦੇ ਨੌਜਵਾਨ ਨੂੰ ਤਿੰਨ ਜਣਿਆਂ ਨੇ ਰੋਕ ਕੇ ਉਸ ਦੇ ਲੱਤ ਵਿਚ ਗੋਲੀ ਮਾਰੀ ਸੀ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਤਿੰਨ ਦੇਸੀ ਹਥਿਆਰ ਤੇ ਅਪਰਾਧ ਲਈ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਗੁਰਾਇਆ ਨੇੜੇ ਖੋਹੀ ਕਰੇਟਾ ਕਾਰ ਵੀ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ, ਅਵਤਾਰ ਅਤੇ ਜਤਿਨ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਹੈ। ਫੜੇ ਗਏ ਮੁਲਜ਼ਮਾਂ ਵਿਰੁੱਧ ਥਾਣਾ ਪਤਾਰਾ ਵਿਚ ਮਾਮਲਾ ਦਰਜ ਕੀਤਾਗਿਆ ਹੈ। ਇਨ੍ਹਾਂ ਵਿਰੁੱਧ ਜਲੰਧਰ ਤੇ ਫਰੀਦਕੋਟ ਜ਼ਿਲ੍ਹਿਆਂ ਵਿਚ ਵੀ ਮਾਮਲੇ ਦਰਜ ਹਨ ਤੇ ਲੰਘੀ 10 ਅਪਰੈਲ ਨੂੰ ਵੀ ਥਾਣਾ ਗੁਰਾਇਆ ਵਿਚ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਜਿਹੜੀ ਕਰੇਟਾ ਕਾਰ ਲੁੱਟੀ ਸੀ ਉਹ ਵੀ ਇਸੇ ਗਰੋਹ ਨੇ ਲੁੱਟੀ ਸੀ। ਇਸ ਗਰੋਹ ਦੇ ਸਰਗਣਾ ਅਜਮੇਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।