ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਮਾਰਚ
ਪੇਂਡੂ ਖੇਤਰ ਦੇ ਵੱਖ ਵੱਖ ਕਿੱਤਿਆਂ ਨਾਲ ਜੁੜੀਆਂ ਕਿਰਤੀ ਔਰਤਾਂ ਨੇ ਇਸਤਰੀ ਜਾਗ੍ਰਿਤੀ ਮੰਚ ਦੀ ਅਗਵਾਈ ਹੇਠ ਮਨਾਏ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੇ ਕਿਹਾ ਕਿ ਕਿਰਤੀ ਔਰਤਾਂ ਦੇ ਤਾਂ 365 ਦਿਨ ਹੀ ਚੁਣੌਤੀਆਂ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਤਾਂ ਆਪਣੇ ਪਰਿਵਾਰ ਪਾਲਣ ਦੇ ਲਾਲੇ ਪਏ ਰਹਿੰਦੇ ਹਨ। ਇਨ੍ਹਾਂ ਔਰਤਾਂ ਨੇ ਕਿਹਾ ਕਿ ਉਹ ਕਿਹੜਾ ਦਿਨ ਹੈ ਜਦੋਂ ਔਰਤਾਂ ’ਤੇ ਜ਼ੁਲਮ ਨਾ ਹੁੰਦੇ ਹੋਣ,ਉਨ੍ਹਾਂ ਦਾ ਸਰੀਰਕ ਤੇ ਆਰਥਿਕ ਸ਼ੋਸ਼ਣ ਨਾ ਹੁੰਦਾ ਹੋਵੇ। ਇਨ੍ਹਾਂ ਔਰਤਾਂ ਨੇ ਆਪਣੀ ਨਾਰੀ ਸ਼ਕਤੀ ਪਛਾਣਨ ’ਤੇ ਜ਼ੋਰ ਦਿੱਤਾ। ਖੇਤ ਮਜ਼ਦੂਰ ਔਰਤ ਆਸ਼ਾ ਦੇਵੀ ਨੇ ਕਿਹਾ ਕਿ ਸੈਂਕੜੇ ਏਕੜ ਦੀ ਖੇਤੀ ਅਤੇ ਵਪਾਰ ਕਰਨ ਵਾਲੇ ਧਨਾਢ ਘੱਟ ਦਿਹਾੜੀ ਦਿੰਦੇ ਅਤੇ ਵੱਧ ਸਮਾਂ ਕੰਮ ਲੈਂਦੇ ਹਨ। ਕਿਸਾਨ ਔਰਤ ਸੁਰਜੀਤ ਕੌਰ ਮਾਨ ਨੇ ਕਿਹਾ ਕਿ ਵਿਧਵਾ ਕਿਸਾਨ ਔਰਤਾਂ ਜਿਨ੍ਹਾਂ ਕੋਲ 5 ਏਕੜ ਤੱਕ ਦੀ ਜ਼ਮੀਨ ਹੈ, ਉਨ੍ਹਾਂ ਨੂੰ ਮਨਰੇਗਾ ਕਾਨੂੰਨ ਹੇਠ ਲਿਆਂਦਾ ਗਿਆ ਹੈ ਪਰ ਅਜੇ ਤੱਕ ਪੰਜਾਬ ਵਿੱਚ ਇੱਕ ਵੀ ਵਿਧਵਾ ਕਿਸਾਨ ਔਰਤ ਨੂੰ ਇਹ ਸਹੂਲਤ ਨਹੀਂ ਦਿੱਤੀ ਜਾ ਰਹੀ। ਬਖਸ਼ੋ ਖੁਰਸੈਦਪੁਰ ਨੇ ਕਿਹਾ ਕਿ ਨਾ ਤਾਂ ਮਨਰੇਗਾ ਵਰਕਰਾਂ ਨੂੰ ਸੌ ਦਿਨ ਰੁਜ਼ਗਾਰ ਅਤੇ ਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਇਸਤਰੀ ਜਾਗਰਿਤੀ ਮੰਚ ਦੀ ਜਿਲਾ ਪ੍ਰਧਾਨ ਅਨੀਤਾ ਸੰਧੂ ਨੇ ਕਿਹਾ ਕਿ ਹਰ ਵਰਗ ਜਿਹੜਾ ਇਕੱਲਿਆਂ ਇਕੱਲਿਆਂ ਲੜਨ ਦੀ ਥਾਂ ਔਰਤਾਂ ਨੂੰ ਆਪਣੀ ਭਰਾਤਰੀ ਸਾਂਝ ਨੂੰ ਮਜ਼ਬੂਤ ਕਰਕੇ ਅੱਗੇ ਵਧਣਾ ਪਵੇਗਾ। ਇਸ ਮੌਕੇ ਵਿਚਾਰ ਰੱਖਣ ਵਾਲਿਆਂ ਵਿੱਚ ਐਡਵੋਕੇਟ ਜੋਤੀ ਮਜੂਮਦਾਰ, ਕੁਲਵੰਤ ਕੌਰ, ਯਮੁਨਾ, ਬਖਸੋ ਮੰਡਿਆਲਾ ਆਦਿ ਨੇ ਚਰਚਾ ਵਿੱਚ ਹਿੱਸਾ ਲਿਆ।