ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਮਈ
ਸਾਬਕਾ ਇੰਟਰਨੈਸ਼ਨਲ ਖਿਡਾਰੀ ਅਤੇ 73 ਸਾਲਾਂ ’ਚ ਪਹਿਲੀ ਵਾਰ ਥੌਮਸ ਕੱਪ ਜਿਤਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਵਿਜੈਦੀਪ ਸਿੰਘ ਅੱਜ ਜਲੰਧਰ ਪੁੱਜੇ। ਇਸ ਦੌਰਾਨ ਡੀਬੀਏ ਦੇ ਪ੍ਰਧਾਨ ਅਤੇ ਡੀਸੀ ਘਨਸ਼ਿਆਮ ਥੋਰੀ ਨੇ ਵਿਜੈਦੀਪ ਨੂੰ ਸਨਮਾਨਿਤ ਕੀਤਾ ਅਤੇ ਭਾਰਤੀ ਬੈਡਮਿੰਟਨ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਥੌਮਸ ਕੱਪ ਦੀ ਜੇਤੂ ਟੀਮ ਨੇ ਪੂਰੀ ਦੁਨੀਆ ਵਿੱਚ ਭਾਰਤੀ ਬੈਡਮਿੰਟਨ ਦੀ ਧਾਕ ਜਮਾਈ ਹੈ। ਇਸ ਦਾ ਸਿਹਰਾ ਕੋਚ ਵਿਜੈਦੀਪ ਦੀ ਸ਼ਾਨਦਾਰ ਕੋਚਿੰਗ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਜਾਂਦਾ ਹੈ। ਡੀਸੀ ਨੇ ਨੈਸ਼ਨਲ ਚੈਂਪੀਅਨ (ਅੰਡਰ-19) ਅਭਿਨਵ ਠਾਕੁਰ ਨੂੰ 21,000 ਰੁਪਏ ਦਿੱਤੇ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਡੀਸੀ ਘਨਸ਼ਿਆਮ ਥੋਰੀ ਨਾਲ ਮੁਲਾਕਾਤ ਤੋਂ ਪਹਿਲਾਂ ਕੋਚ ਵਿਜੈਦੀਪ ਸਿੰਘ ਰਾਏਜਾਦਾ ਹੰਸ ਰਾਜ ਸਟੇਡੀਅਮ ਪੁੱਜੇ ਅਤੇ ਖਿਡਾਰੀਆਂ ਨੂੰ ਬੈਡਮਿੰਟਨ ਦੇ ਟਿਪਸ ਦਿੱਤੇ। ਕੋਚ ਵਿਜੈਦੀਪ ਸਿੰਘ ਨੇ ਕਿਹਾ ਕਿ ਹੰਸ ਰਾਜ ਸਟੇਡੀਅਮ ’ਚ ਖਿਡਾਰੀਆਂ ਨੂੰ ਦਿੱਤੀਆ ਜਾ ਰਹੀਆਂ ਸੁਵਿਧਾਵਾਂ ਪੂਰੇ ਉੱਤਰੀ ਭਾਰਤ ਵਿੱਚ ਸਭ ਤੋਂ ਵਧੀਆ ਹਨ।