ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਮਈ
ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੀ ਵਿਦਵਾਨ ਲੇਖਕ ਸੁਲਤਾਨਾ ਬੇਗਮ ਨੂੰ ਅੱਜ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਸਮੁੱਚੀ ਕਮੇਟੀ ਵੱਲੋਂ ਸੁਲਤਾਨਾ ਬੇਗਮ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 1947 ’ਚ ਪੰਜਾਬ ਦੀ ਦਿਲ ਚੀਰਵੀਂ ਵੰਡ ਕਾਰਨ ਪੇਕਿਆਂ ਅਤੇ ਨਾਨਕਿਆਂ ਦੇ ਦਰਦਾਂ ਭਰੇ ਦਰਿਆਵਾਂ ਵਿੱਚ ਵੀ ਸਿਦਕ ਦਿਲੀ ਨਾਲ ਤਾਰੀਆਂ ਲਾਉਂਦੀ ਰਹੀ ਸਾਂਝੀ ਮਿੱਟੀ ਦੀ ਮਹਿਕ ਵੰਡਦੀ ਕਲਮ ਕਾਰ ਭਾਵੇਂ ਜਿਸਮਾਨੀ ਤੌਰ ’ਤੇ ਸਾਥੋਂ ਵਿਛੜ ਗਈ ਪਰ ਉਹ ਆਪਣੀ ਅਮੀਰ ਵਿਰਾਸਤ ਸਾਹਿਤਕ ਧ੍ਰੋਹਰ ਦੇ ਅੰਗ ਸੰਗ ਸਦਾ ਜ਼ਿੰਦਾ ਰਹੇਗੀ।
ਲੇਖਕ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ (ਟਨਸ): ਪੰਜਾਬੀ ਅਤੇ ਉਰਦੂ ਦੀ ਨਾਮਵਰ ਸਾਹਿਤਕਾਰਾ ਸੁਲਤਾਨਾ ਬੇਗਮ ਦੀ ਮੌਤ ’ਤੇ ਲੇਖਕ ਭਾਈਚਾਰੇ ਨੇ ਦੁੱਖ ਦਾ ਪ੍ਰ੍ਰਗਟਾਵਾ ਕੀਤਾ। ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸੁਲਤਾਨਾ ਬੇਗਮ ਨੇ ਦੇਸ਼ ਵੰਡ ਦੇ ਦਰਦ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਅਤੇ ਉਮਰ ਭਰ ਉਸ ਸੰਤਾਪ ਨੂੰ ਭੋਗਦੀ ਰਹੀ। ਉਨ੍ਹਾਂ ਦੇ ਬੇਵਕਤੀ ਤੁਰ ਜਾਣ ’ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਮਹਿਲ ਸਿੰਘ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।