ਪਾਲ ਸਿੰਘ ਨੌਲੀ
ਜਲੰਧਰ, 27 ਦਸੰਬਰ
ਇੱਥੋਂ ਦੇ ਚੌਗਿੱਟੀ ਚੌਕ ਤੋਂ ਨੰਗਲ ਸ਼ਾਮਾ ਵੱਲ ਜਾਣ ਵਾਲੀ ਸੜਕ ’ਤੇ ਆਉਂਦੇ ਰੇਲਵੇ ਲਾਂਘੇ ’ਤੇ 23.46 ਕਰੋੜ ਦੀ ਲਾਗਤ ਨਾਲ ਫਲਾਈਓਵਰ ਬਣਾਉਣ ਲਈ 29 ਦਸੰਬਰ ਨੂੰ ਨੀਂਹ ਪੱਥਰ ਰੱਖਿਆ ਜਾਣਾ ਹੈ। ਇਹ ਨੀਂਹ ਪੱਥਰ ਰੱਖਣ ਲਈ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਪਹੁੰਚ ਰਹੇ ਹਨ। ਇਸ ਮੌਕੇ ਹੋਣ ਵਾਲੇ ਸਮਾਗਮ ਲਈ ਮੁੱਖ ਸੜਕ ’ਤੇ ਮੰਚ ਤਿਆਰ ਕੀਤਾ ਜਾ ਰਿਹਾ ਹੈ। ਇਸ ਕਰਕੇ ਦੋ ਦਿਨ ਪਹਿਲਾਂ ਹੀ ਆਮ ਲੋਕਾਂ ਲਈ ਸੜਕ ਬੰਦ ਕਰ ਦਿੱਤੀ ਗਈ ਹੈ। ਪੁਲੀਸ ਨੇ ਚੌਗਿੱਟੀ ਚੌਕ ਨੇੜੇ ਬਾਂਸ ਲਾ ਕੇ ਰਸਤਾ ਬੰਦ ਕਰ ਦਿੱਤਾ ਹੈ। ਸਰਕਾਰੀ ਅਮਲਾ ਫੈਲਾ ਮੰਚ ਅਤੇ ਨੀਂਹ ਪੱਥਰ ਰੱਖਣ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ।
ਲੱਧੇਵਾਲੀ ਸਮੇਤ ਆਲੇ-ਦੁਆਲੇ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਸਿਰਦਰਦੀ ਬਣ ਗਈ ਹੈ ਕਿ ਦੋ ਦਿਨ ਪਹਿਲਾਂ ਹੀ ਰਸਤਾ ਰੋਕ ਦਿੱਤਾ ਹੈ।
ਇਸ ਫਲਾਈਓਵਰ ਬਾਰੇ ਜਾਣਕਾਰੀ ਦਿੰਦਿਆਂ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਇਹ ਲੋਕਾਂ ਲਈ ਕੈਪਟਨ ਸਰਕਾਰ ਵੱਲੋਂ ਨਵੇਂ ਸਾਲ 2021 ਦਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਕਰਾਸਿੰਗ ਦੇ ਦੋਵੇਂ ਪਾਸਿਆਂ ’ਤੇ ਰਹਿਣ ਵਾਲੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਅਤੇ ਇਸ ਆਰਓਬੀ ਦੇ ਨਿਰਮਾਣ ਨਾਲ ਉਨ੍ਹਾਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਰੇਲਵੇ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਾਰਨ ਰੇਲਵੇ ਫਾਟਕ ਬੰਦ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਮ ਦਿਨਾਂ ਦੌਰਾਨ ਅਤੇ ਐਮਰਜੈਂਸੀ ਵੇਲੇ ਵੀ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼੍ਰੀ ਬੇਰੀ ਨੇ ਕਿਹਾ ਕਿ ਇਸ ਆਰਓਬੀ ਦੇ ਨਿਰਮਾਣ ਨਾਲ ਵਸਨੀਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਹ ਆਰਓਬੀ ਦੋ ਸਾਲਾਂ ਦੀ ਮਿਆਦ ਵਿਚ ਪੂਰਾ ਹੋਵੇਗਾ।