ਪਾਲ ਸਿੰਘ ਨੌਲੀ
ਜਲੰਧਰ, 13 ਨਵੰਬਰ
ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਨੂੰ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਧਰਨੇ ਲੱਗੇ ਹੋਏ ਹਨ। ਇਕ ਪਾਸੇ ਤਾਂ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਧਰਨਾ ਲਾਇਆ ਹੋਇਆ ਹੈ ਤੇ ਦੂਜੇ ਪਾਸੇ ਉਹ ਅਧਿਆਪਕ ਧਰਨੇ ’ਤੇ ਬੈਠੇ ਹਨ ਜਿਹੜੇ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਨੂੰ ਵੱਧ ਨੰਬਰ ਹੋਣ ਦੇ ਬਾਵਜੂਦ ਰੱਖਿਆ ਨਹੀਂ ਜਾ ਰਿਹਾ ਜਦਕਿ ਘੱਟ ਨੰਬਰਾਂ ਵਾਲਿਆਂ ਨੂੰ ਭਰਤੀ ਕੀਤਾ ਗਿਆ ਹੈ। ਸਿੱਖਿਆ ਮੰਤਰੀ ਦੇ ਘਰ ਦੇ ਆਲੇ-ਦੁਆਲੇ ਅਧਿਆਪਕਾਂ ਵੱਲੋਂ ਲਾਏ ਗਏ ਧਰਨਿਆਂ ਕਾਰਨ ਉੱਥੇ ਰਹਿਣ ਵਾਲੇ ਲੋਕ ਵੀ ਪ੍ਰੇਸ਼ਾਨੀ ਝੱਲ ਰਹੇ ਹਨ। ਪੁਲੀਸ ਨੇ ਵੱਡੇ-ਵੱਡੇ ਬੈਰੀਕੇਡ ਲਾ ਕੇ ਰਸਤਾ ਰੋਕਿਆ ਹੋਇਆ ਹੈ ਜਿਸ ਕਾਰਨ ਆਮ ਲੋਕਾਂ ਨੂੰ ਉਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਸਿੱਖਿਆ ਮੰਤਰੀ ਆਪਣੀ ਕੋਠੀ ਵਿਚ ਹਾਜ਼ਰ ਸਨ ਪਰ ਕੋਠੀ ਦੇ ਗੇਟ ਕੋਲ ਸਰਦੀ ਦੀ ਰਾਤ ਵਿੱਚ ਠੁਰ-ਠੁਰ ਕਰਦੇ ਪੰਜਾਬ ਦੇ ਬੇਰੁਜ਼ਗਾਰ ਲੜਕੇ ਲੜਕੀਆਂ ਦੀ ਉਨ੍ਹਾਂ ਨੇ ਸਾਰ ਨਹੀਂ ਲਈ। ਵੱਡੀ ਗਿਣਤੀ ਵਿੱਚ ਡਟੇ ਬੇਰੁਜ਼ਗਾਰਾਂ ਨੇ ਪੂਰੀ ਰਾਤ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਅੱਜ ਸਵੇਰੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੇਰੁਜ਼ਗਾਰਾਂ ਨੂੰ ਗੱਲਬਾਤ ਲਈ ਬੁਲਾ ਕੇ 16 ਨਵੰਬਰ ਨੂੰ ਮੁੜ ਪੈਨਲ ਮੀਟਿੰਗ ਦਾ ਸੱਦਾ ਦਿੱਤਾ। ਇਸ ਉਪਰੰਤ ਧਰਨਾ ਸਮਾਪਤ ਕਰ ਕੇ ਬੇਰੁਜ਼ਗਾਰ ਅਧਿਆਪਕ ਮੁੜ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਪਰਤ ਆਏ। ਉਨ੍ਹਾਂ ਐਲਾਨ ਕੀਤਾ ਕਿ ਜੇ 16 ਨਵੰਬਰ ਨੂੰ ਮੀਟਿੰਗ ਨਾ ਕੀਤੀ ਤਾਂ ਮੁੜ 18 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਧਰ 17ਵੇਂ ਦਿਨ ਵੀ ਮੁਨੀਸ਼ ਕੁਮਾਰ ਅਤੇ ਜਸਵੰਤ ਟੈਂਕੀ ਉੱਤੇ ਬੈਠੇ ਹੋਏ ਹਨ।