ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜਨਵਰੀ
ਬੇਰੁਜ਼ਗਾਰ ਬੀ ਐੱਡ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਰੁੱਧ ਖੋਲ੍ਹਿਆ ਮੋਰਚਾ 10 ਜਨਵਰੀ ਨੂੰ ਟੈਂਕੀ ਉੱਤੇ ਚੜ੍ਹੇ ਦੋ ਅਧਿਆਪਕਾਂ ਨੂੰ ਹੇਠਾਂ ਉਤਾਰਨ ਨਾਲ ਸਮਾਪਤ ਕੀਤਾ ਜਾਵੇਗਾ। ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਇੱਥੇ ਦੇ ਅੰਤਰਰਾਜੀ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ 10 ਜਨਵਰੀ ਨੂੰ ਹੇਠਾਂ ਉਤਾਰਿਆ ਜਾਵੇਗਾ। ਸੁਖਵਿੰਦਰ ਸਿੰਘ ਢਿੱਲਵਾਂ ਕਿਹਾ ਕਿ ਇੱਕ ਵਾਰ 10 ਜਨਵਰੀ ਨੂੰ ਬੇਰੁਜ਼ਗਾਰਾਂ ਨੂੰ ਟੈਂਕੀ ਤੋਂ ਉਤਾਰ ਕੇ ਸਤਿਕਾਰ ਨਾਲ ਉਨ੍ਹਾਂ ਦੇ ਘਰਾਂ ਵਿੱਚ ਛੱਡ ਕੇ ਆਇਆ ਜਾਵੇਗਾ। ਉਨ੍ਹਾਂ ਨਾਲ ਹੀ ਇਹ ਐਲਾਨ ਵੀ ਕੀਤਾ ਕਿ ਨਵੀਂ ਸਰਕਾਰ ਬਣਨ ਉਪਰੰਤ ਮੁੜ 18 ਮਾਰਚ ਤੋਂ ਸੰਘਰਸ਼ ਦਾ ਪਿੜ ਮੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 9000 ਖਾਲੀ ਅਸਾਮੀਆਂ ਦੀ ਥਾਂ ’ਤੇ ਜਿਹੜੀਆਂ ਮਾਮੂਲੀ ਜਿਹੀਆਂ ਅਸਾਮੀਆਂ ਜਾਰੀ ਕੀਤੀਆਂ ਹਨ ਉਹ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਅੰਸ਼ਿਕ ਜਿੱਤ ਹੈ। ਇਸ ਦਾ ਸਿਹਰਾ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਬੇਰੁਜ਼ਗਾਰਾਂ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਫਿਰ ਵਿਰੋਧ ਜਾਰੀ ਰਹੇਗਾ ਕਿਉਂਕਿ ਪਿਛਲੇ 140 ਦਿਨਾਂ ਤੋਂ ਮੁਨੀਸ਼ ਕੁਮਾਰ ਅਤੇ ਪਿਛਲੇ 75 ਦਿਨਾਂ ਤੋਂ ਜਸਵੰਤ ਘੁਬਾਇਆ, ਦੋਵੇਂ ਟੈਂਕੀ ਉੱਤੇ ਬੈਠੇ ਹੋਏ ਹਨ।