ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੂਨ
ਇਥੋਂ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਉਦੋਂ ਹੰਗਾਮਾ ਹੋ ਗਿਆ ਜਦੋਂ ਇਕ ਔਰਤ ਨੇ ਕਿਹਾ ਕਿ ਉਸ ਦਾ ਬੱਚਾ ਬਦਲ ਦਿੱਤਾ ਗਿਆ ਹੈ। ਪੀੜਤ ਔਰਤ ਨੇ ਇਹ ਦੋਸ਼ ਵੀ ਲਾਇਆ ਕਿ ਜਦੋਂ ਉਸ ਨੇ ਇਸ ਬਾਰੇ ਸਿਹਤ ਕਰਮੀਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਦੇ ਥੱਪੜ ਮਾਰੇ। ਜੱਚਾ ਬੱਚਾ ਵਾਰਡ ਵਿਚ ਦਾਖਲ ਔਰਤ ਨੇ ਦੱਸਿਆ ਕਿ ਜਣੇਪੇ ਤੋਂ ਬਾਅਦ ਜਦੋਂ ਉਸ ਨੂੰ ਬੱਚਾ ਦਿਖਾਇਆ ਗਿਆ ਸੀ ਤਾਂ ਉਦੋਂ ਬੱਚੇ ਦਾ ਰੰਗ ਕਾਲਾ ਸੀ, ਪਰ ਬਾਅਦ ਵਿਚ ਜਿਹੜਾ ਬੱਚਾ ਉਸ ਨੂੰ ਦਿੱਤਾ ਗਿਆ ਉਹ ਗੋਰਾ ਸੀ। ਇਸੇ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਤੇ ਸਿਹਤ ਕਰਮਚਾਰੀਆਂ ’ਤੇ ਬੱਚਾ ਬਦਲਣ ਦੇ ਦੋਸ਼ ਲੱਗੇ। ਜਦਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਬੱਚਾ ਔਰਤ ਨੂੰ ਦਿਖਾਇਆ ਗਿਆ ਸੀ ਤਾਂ ਉਦੋਂ ਬੱਚੇ ਦੀ ਸਾਫ ਸਫਾਈ ਕਰਨੀ ਸੀ। ਬੱਚੇ ਨੂੰ ਨੁਹਾਉਣ ਤੋਂ ਬਾਅਦ ਔਰਤ ਦੀ ਗੋਦੀ ਵਿਚ ਬੱਚਾ ਰੱਖਿਆ ਗਿਆ ਤਾਂ ਉਸ ਦਾ ਰੰਗ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਾਫ ਸੀ। ਬਾਅਦ ਵਿਚ ਪੁਲੀਸ ਦੇ ਆਉਣ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਸਮਝਾਉਣ ’ਤੇ ਪੀੜਤ ਔਰਤ ਨੇ ਪੈਦਾ ਹੋਈ ਗਲਤਫਹਿਮੀ ਨੂੰ ਮੰਨ ਲਿਆ। ਪਰ ਉਹ ਆਪਣੀ ਇਸ ਗੱਲ ’ਤੇ ਅੜੀ ਰਹੀ ਕਿ ਜਦੋਂ ਉਹ ਆਪਣਾ ਦੁੱਖ ਦੱਸ ਰਹੀ ਸੀ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਉਸ ਦੇ ਥੱਪੜ ਮਾਰੇ ਗਏ।