ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਪਰੈਲ
ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਮੱਕੀ, ਗੰਨਾ ਤੇ ਸਬਜ਼ੀਆਂ ਬੀਜਣ ਵਾਲੇ ਕਿਸਾਨ ਸੰਕਟ ਦਾ ਸਾਹਮਣਾ ਕਰ ਰਹੇ ਹਨ। ਦੋਆਬੇ ਦੇ ਦੋਨਾ ਇਲਾਕੇ ਵਿਚ ਤਾਂ ਖਰਬੂਜੇ ਤੇ ਹਦਵਾਣੇ ਦੀ ਫਸਲ ਵੱਡੇ ਪੱਧਰ ’ਤੇ ਹੁੰਦੀ ਹੈ। ਉਨ੍ਹਾਂ ਨੂੰ ਵੀ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ ਪਰ ਬਿਜਲੀ ਕੱਟਾਂ ਦੇ ਚੱਲਦਿਆਂ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਨੇ ਦੱਸਿਆ ਕਿ ਗਰਮੀ ਵਧਣ ਕਾਰਨ ਮੱਕੀ ਦੀ ਫ਼ਸਲ ਪਾਣੀ ਨਾ ਮਿਲਣ ਕਾਰਨ ਸੁੱਕ ਰਹੀ ਹੈ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ।
ਜਥੇਬੰਦੀ ਦੇ ਆਗੂ ਕਿਰਪਾਲ ਸਿੰਘ ਮੂਸਾਪੁਰ ਨੇ ਦੱਸਿਆ ਕਿ ਕਣਕ ਦਾ ਝਾੜ ਘਟਣ ਲਈ ਸਿੱਧੇ ਤੌਰ ’ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਹਨ, ਜਿਨ੍ਹਾਂ ਨੇ ਮੌਕੇ ਸਿਰ ਕਿਸਾਨਾਂ ਨੂੰ ਖਾਦ ਦੀ ਸਪਲਾਈ ਨਹੀਂ ਦਿੱਤੀ। ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਬਿਜਲੀ ਲੋੜ ਮੁਤਾਬਕ ਨਾ ਆਉਣ ਕਾਰਨ ਸਬਜ਼ੀਆਂ ਦੀ ਹੱਬ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਦੇ ਕਿਸਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਉਧਰ, ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਬਿਜਲੀ ਦੀ ਮੁਰੰਮਤ ਚੱਲਦੀ ਹੋਣ ਕਾਰਨ ਕੱਟ ਲਾਉਣੇ ਪੈ ਰਹੇ ਹਨ।