ਅਗਰਤਲਾ, 8 ਅਗਸਤ
ਗੁਆਂਢੀ ਦੇਸ਼ ਵਿੱਚ ਚੱਲ ਰਹੀ ਗੜਬੜ ਵਿਚਾਲੇ ਬੰਗਲਾਦੇਸ਼ ਵਿੱਚ ਫਸੇ ਸੜਕਾਂ ਬਣਾਉਣ ਵਾਲੇ 17 ਭਾਰਤੀ ਕਾਮਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਇਹ ਜਾਣਕਾਰੀ ਅੱਜ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਦਿੱਤੀ। ਇਨ੍ਹਾਂ ਵਿਅਕਤੀਆਂ ਨੂੰ ਐਫਕੋਨਜ਼ ਇਨਫਰਾਸਟਰੱਕਚਰ ਲਿਮਿਟਡ ਵੱਲੋਂ ਬੰਗਲਾਦੇਸ਼ ਵਿੱਚ ਅਖੌਰਾ ਤੋਂ ਕਿਸ਼ੋਰਗੰਜ ਤੱਕ 52 ਕਿਲੋਮੀਟਰ ਲੰਬੀ ਚਹੁੰ-ਮਾਰਗੀ ਸੜਕ ਬਣਾਉਣ ਵਾਸਤੇ ਨੌਕਰੀ ’ਤੇ ਰੱਖਿਆ ਸੀ। ਇਨ੍ਹਾਂ ਵਰਕਰਾਂ ਨੂੰ ਤ੍ਰਿਪੁਰਾ ਵਿੱਚ ਕੌਮਾਂਤਰੀ ਸਰਹੱਦ ਰਾਹੀਂ ਵਾਪਸ ਲਿਆਂਦਾ ਗਿਆ ਹੈ। ਬੰਗਲਾਦੇਸ਼ ਵਿੱਚ ਅਸ਼ਾਂਤੀ ਫੈਲੀ ਹੋਣ ਕਾਰਨ ਕੰਪਨੀ ਦੇ ਇਹ ਵਰਕਰ ਰਾਮਰੇਲ ਸਥਿਤ ਆਪਣੇ ਕੈਂਪ ਵਿੱਚ ਫਸੇ ਹੋਏ ਸਨ। ਬੀਐੱਸਐੱਫ ਦੀ ਤ੍ਰਿਪੁਰਾ ਸਥਿਤ ਯੂਨਿਟ ਦੇ ਇਕ ਤਰਜਮਾਨ ਨੇ ਕਿਹਾ ਕਿ ਕੁੱਲ 17 ਵਰਕਰ ਉਸ ਪਾਸਿਓਂ ਏਕੀਕ੍ਰਿਤ ਜਾਂਚ ਚੌਕੀ (ਆਈਸੀਪੀ) ਵੱਲ ਆ ਰਹੇ ਸਨ ਅਤੇ ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਸੁਰੱਖਿਅਤ ਆਮਦ ਦੀ ਸੁਵਿਧਾ ਲਈ ਬੀਐੱਸਐੱਫ ਨੂੰ ਅਪੀਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਬਲਾਂ ਦੇ ਸਹਿਯੋਗ ਨਾਲ ਇਨ੍ਹਾਂ ਵਰਕਰਾਂ ਨੂੰ ਆਈਪੀਸੀ ਤੱਕ ਪਹੁੰਚਾਇਆ ਗਿਆ।-ਪੀਟੀਆਈ