ਨਵੀਂ ਦਿੱਲੀ, 24 ਅਕਤੂਬਰ
ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਪੁਲਾੜ ਖੇਤਰ ਦੇ ਸਟਾਰਟਅੱਪਸ ਦੀ ਸਹਾਇਤਾ ਲਈ ਇਕ ਹਜ਼ਾਰ ਕਰੋੜ ਰੁਪਏ ਦੇ ਪੂੰਜੀ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਫੰਡ ਨਾਲ ਖੇਤਰ ਦੀਆਂ ਕਰੀਬ 40 ਸਟਾਰਟਅੱਪ ਯੂਨਿਟਾਂ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਨਿੱਜੀ ਪੁਲਾੜ ਸਨਅਤ ਦੇ ਵਾਧੇ ’ਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਫੰਡ ਪੰਜ ਸਾਲ ਤੱਕ ਲਈ ਹੈ। ਨਿਵੇਸ਼ ਦੇ ਮੌਕਿਆਂ ਅਤੇ ਫੰਡ ਦੀ ਲੋੜ ਨੂੰ ਦੇਖਦਿਆਂ ਔਸਤਨ 150 ਤੋਂ 200 ਕਰੋੜ ਰੁਪਏ ਸਾਲਾਨਾ ਰਕਮ ਦਿੱਤੀ ਜਾ ਸਕੇਗੀ। ਕੇਂਦਰ ਨੇ ਸਾਲ 2020 ਦੇ ਪੁਲਾੜ ਖੇਤਰ ਸੁਧਾਰਾਂ ਤਹਿਤ ਇਨ-ਸਪੇਸ ਸਥਾਪਤ ਕੀਤਾ ਹੈ। ਸਰਕਾਰ ਨੇ ਕਿਹਾ ਕਿ ਇਸ ਨਾਲ ਪੁਲਾੜ ਤਕਨਾਲੋਜੀ ’ਚ ਤਰੱਕੀ ਨੂੰ ਹੁਲਾਰਾ ਮਿਲੇਗਾ ਅਤੇ ਨਿੱਜੀ ਖੇਤਰੀ ਦੀ ਹਿੱਸੇਦਾਰੀ ਰਾਹੀਂ ਭਾਰਤ ਦੀ ਅਗਵਾਈ ਨੂੰ ਮਜ਼ਬੂਤੀ ਮਿਲੇਗੀ। -ਏਐੱਨਆਈ
ਕੈਬਨਿਟ ਨੇ 6,798 ਕਰੋੜ ਰੁਪਏ ਦੇ ਦੋ ਰੇਲ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
ਨਵੀਂ ਦਿੱਲੀ:
ਕੇਂਦਰੀ ਕੈਬਨਿਟ ਨੇ ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਬਿਹਾਰ ਨਾਲ ਜੁੜੇ ਦੋ ਰੇਲ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ’ਤੇ ਅੰਦਾਜ਼ਨ 6,798 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਨਰਕਟੀਆਗੰਜ-ਰਕਸੌਲ-ਸੀਤਾਮੜ੍ਹੀ-ਦਰਭੰਗਾ ਅਤੇ ਸੀਤਾਮੜ੍ਹੀ-ਮੁਜ਼ੱਫਰਪੁਰ ਸੈਕਸ਼ਨ ਨੂੰ ਡਬਲ ਕਰਨ ਅਤੇ ਇਰੂਪਾਲੇਮ ਤੇ ਨਾਮਬੂਰੂ ਵਾਇਆ ਅਮਰਾਵਤੀ ਵਿਚਕਾਰ ਨਵੀਂ ਲਾਈਨ ਦੀ ਉਸਾਰੀ ਨੂੰ ਪ੍ਰਵਾਨਗੀ ਦਿੱਤੀ ਹੈ। ਦੋਵੇਂ ਪ੍ਰਾਜੈਕਟਾਂ ਨਾਲ ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਲਾਭ ਹੋਵੇਗਾ ਜਿਥੇ ਭਾਜਪਾ ਦੀਆਂ ਭਾਈਵਾਲਾ ਪਾਰਟੀਆਂ ਕ੍ਰਮਵਾਰ ਟੀਡੀਪੀ ਤੇ ਜਨਤਾ ਦਲ (ਯੂ) ਦੀਆਂ ਸਰਕਾਰਾਂ ਹਨ। -ਪੀਟੀਆਈ