ਨਵੀਂ ਦਿੱਲੀ, 18 ਸਤੰਬਰ
ਸੁਪਰੀਮ ਕੋਰਟ ਨੇ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਫ੍ਰੀਬੀਜ਼ (ਸੌਗਾਤਾਂ) ਦੇ ਕੀਤੇ ਜਾਂਦੇ ਵਾਅਦਿਆਂ ਨਾਲ ਜੁੜੇ ਮੁੱਦੇ ਨੂੰ ਬਹੁਤ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਸ ਅਮਲ ਖ਼ਿਲਾਫ਼ ਦਾਖ਼ਲ ਅਰਜ਼ੀਆਂ ਨੂੰ ਉਹ ਆਪਣੀ ਕਾਰਜਸੂਚੀ ’ਚੋਂ ਨਹੀਂ ਹਟਾਏਗਾ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ’ਤੇ ਆਧਾਰਿਤ ਬੈਂਚ ਨੇ ਵਕੀਲ ਅਤੇ ਜਨਹਿੱਤ ਪਟੀਸ਼ਨਰ ਅਸ਼ਵਨੀ ਉਪਾਧਿਆਏ ਨੂੰ ਕਿਹਾ ਕਿ ਅਰਜ਼ੀ ਪਹਿਲਾਂ ਹੀ ਅੱਜ ਦੀ ਕਾਰਜਸੂਚੀ ’ਚ ਹੈ ਅਤੇ ਉਸ ’ਤੇ ਸੁਣਵਾਈ ਦੀ ਲੋੜ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਬੈਂਚ ਅੰਸ਼ਕ ਤੌਰ ’ਤੇ ਸੁਣੇ ਜਾ ਚੁੱਕੇ ਇਕ ਹੋਰ ਮਾਮਲੇ ’ਤੇ ਸੁਣਵਾਈ ਕਰ ਰਿਹਾ ਹੈ, ਇਸ ਲਈ ਘੱਟ ਹੀ ਸੰਭਾਵਨਾ ਹੈ ਕਿ ਫ੍ਰੀਬੀਜ਼ ਦੇ ਵਾਅਦਿਆਂ ਖ਼ਿਲਾਫ਼ ਦਾਖ਼ਲ ਜਨਹਿੱਤ ਪਟੀਸ਼ਨਾਂ ’ਤੇ ਅੱਜ ਸੁਣਵਾਈ ਕੀਤੀ ਜਾ ਸਕੇੇ। ਇਸ ’ਤੇ ਵਕੀਲ ਨੇ ਅਪੀਲ ਕੀਤੀ ਕਿ ਅਰਜ਼ੀਆਂ ਨੂੰ ਕਾਰਜਸੂਚੀ ’ਚ ਰੱਖਿਆ ਜਾਵੇ ਤਾਂ ਜੋ ਉਨ੍ਹਾਂ ’ਤੇ ਬਾਅਦ ਦੀ ਤਰੀਕ ਉਪਰ ਸੁਣਵਾਈ ਕੀਤੀ ਜਾ ਸਕੇ। ਚੀਫ਼ ਜਸਟਿਸ ਨੇ ਕਿਹਾ, ‘ਇਸ ਨੂੰ ਕਾਰਜਸੂਚੀ ਤੋਂ ਹਟਾਇਆ ਨਹੀਂ ਜਾਵੇਗਾ। ਇਹ ਬਹੁਤ ਅਹਿਮ ਮੁੱਦਾ ਹੈ।’ ਇਨ੍ਹਾਂ ਅਰਜ਼ੀਆਂ ਦਾ ਜ਼ਿਕਰ 20 ਮਾਰਚ ਨੂੰ ਫੌਰੀ ਸੁਣਵਾਈ ਲਈ ਕੀਤਾ ਗਿਆ ਸੀ। ਅਰਜ਼ੀ ’ਚ ਉਪਾਧਿਆਏ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਅਜਿਹੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਜ਼ਬਤ ਕਰੇ ਅਤੇ ਉਨ੍ਹਾਂ ਦੀ ਰਜਿਸਟਰੇਸ਼ਨ ਰੱਦ ਕਰੇ ਜਿਹੜੇ ਫ੍ਰੀਬੀਜ਼ ਦੇਣ ਦੇ ਵਾਅਦੇ ਕਰਦੀਆਂ ਹਨ। -ਪੀਟੀਆਈ