ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਸਤੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਆਮ ਆਦਮੀ ਪਾਰਟੀ (ਆਪ) ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਉਨ੍ਹਾਂ ਦੇ ਘਰ ’ਤੇ ਛਾਪਾ ਮਾਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ। ਇਹ ਛਾਪੇ ਦਿੱਲੀ ਵਕਫ਼ ਬੋਰਡ ਦੀ ਭਰਤੀ ਪ੍ਰਕਿਰਿਆ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੀ ਜਾਂਚ ਦਾ ਹਿੱਸਾ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ‘ਆਪ’ ਆਗੂ ਦੇ ਘਰ ਛਾਪਾ ਮਾਰਨ ਪੁੱਜੀ ਈਡੀ ਦੀ ਟੀਮ ਨੇ ਦਿੱਲੀ ਪੁਲੀਸ ਅਤੇ ਸੀਆਰਪੀਐੱਫ ਜਵਾਨਾਂ ਦੇ ਸਹਿਯੋਗ ਨਾਲ ਤਲਾਸ਼ੀ ਲਈ। ਸੂਤਰਾਂ ਅਨੁਸਾਰ ਇਹ ਕਾਰਵਾਈ ਦਿੱਲੀ ਵਕਫ਼ ਬੋਰਡ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਦੀ ਵੱਡੀ ਜਾਂਚ ਦਾ ਹਿੱਸਾ ਹੈ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਕੀਤੀ ਹੈ। ਈਡੀ ਨੇ ਖਾਨ ਨੂੰ ਪਹਿਲਾਂ ਅਪਰੈਲ ਵਿੱਚ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਸ਼ੁਰੂਆਤੀ ਐੱਫਆਈਆਰ ਜਨਵਰੀ 2020 ਵਿੱਚ ਦਰਜ ਕੀਤੀ ਗਈ ਸੀ।
ਈਡੀ ਦੇ ਛਾਪੇ ਬਾਰੇ ਖਾਨ ਨੇ ਸਵੇਰੇ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਸਾਂਝੀ ਕੀਤੀ। ਵੀਡੀਓ ਵਿੱਚ ਉਨ੍ਹਾਂ ਦੱਸਿਆ ਸੀ ਕਿ ਈਡੀ ਦੇ ਅਧਿਕਾਰੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਹਨ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਈਡੀ ਦੇ ਸਾਰੇ ਨੋਟਿਸਾਂ ਦਾ ਜਵਾਬ ਅਤੇ ਹਰ ਮਾਮਲੇ ਵਿੱਚ ਸਹਿਯੋਗ ਦਿੱਤਾ। ਇਸ ਦੌਰਾਨ ਈਡੀ ਨੇ ਅਮਾਨਤਉੱਲ੍ਹਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ 10 ਦਿਨ ਦੀ ਹਿਰਾਸਤ ਦੀ ਮੰਗ ਵਾਲੀ ਅਰਜ਼ੀ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਅਦਾਲਤ ਵੱਲੋਂ ਜਲਦੀ ਹੀ ਇਸ ਬਾਰੇ ਫ਼ੈਸਲਾ ਸੁਣਾਇਆ ਜਾ ਸਕਦਾ ਹੈ।
ਭਾਜਪਾ ਅਤੇ ਈਡੀ ’ਤੇ ‘ਆਪ’ ਆਗੂਆਂ ਨੂੰ ਦਬਾਉਣ ਦਾ ਦੋਸ਼
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਅਤੇ ਈਡੀ ’ਤੇ ‘ਆਪ’ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ, ‘‘ਈਡੀ ਦਾ ਇੱਕੋ-ਇੱਕ ਉਦੇਸ਼ ਭਾਜਪਾ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਦਬਾਉਣਾ ਜਾਪ ਰਿਹਾ ਹੈ। ਸੰਸਦ ਮੈਂਬਰ ਸੰਜੈ ਸਿੰਘ ਨੇ ਵੀ ਈਡੀ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ।