ਕੋਲਕਾਤਾ, 26 ਅਗਸਤ
ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਦੀ ਧੀ ਨੂੰ ਦਿੱਤੀ ਗਈ ਜਬਰ-ਜਨਾਹ ਦੀ ਧਮਕੀ ਦਾ ਪੱਛਮੀ ਬੰਗਾਲ ਦੇ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕਮਿਸ਼ਨ ਨੇ ਨੋਟਿਸ ਲੈਂਦਿਆਂ ਪੁਲੀਸ ਨੂੰ ਤੁਰੰਤ ਦਖ਼ਲ ਦੇਣ ਦੇ ਨਿਰਦੇਸ਼ ਦਿੱਤੇ ਹਨ। ਬਸ਼ੀਰਹਾਟ ਜ਼ਿਲ੍ਹੇ ਦੇ ਐੱਸਪੀ ਨੂੰ ਲਿਖੇ ਪੱਤਰ ’ਚ ਕਮਿਸ਼ਨ ਦੀ ਚੇਅਰਪਰਸਨ ਤੂਲਿਕਾ ਦਾਸ ਨੇ ਇਸ ਮਾਮਲੇ ’ਚ ਫੌਰੀ ਪੁਲੀਸ ਕਾਰਵਾਈ ਕਰਨ ਲਈ ਕਿਹਾ ਹੈ। ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਕੱਢੀ ਗਈ ਰੋਸ ਰੈਲੀ ਦੌਰਾਨ ਇਹ ਧਮਕੀ ਦਿੱਤੀ ਗਈ ਸੀ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਕਿਉਂਕਿ ਜਨਤਕ ਤੌਰ ’ਤੇ ਧਮਕੀ ਦੇਣ ਦੇ ਨਾਲ ਨਾਲ ਘਿਨਾਉਣੀ ਹਰਕਤ ਲਈ 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ। -ਆਈਏਐੱਨਐੱਸ